ਲੂਕਾ 21

21
ਗਰੀਬ ਵਿਧਵਾ ਦਾ ਦਾਨ
1ਫਿਰ ਯਿਸੂ ਨੇ ਆਪਣੀਆਂ ਅੱਖਾਂ ਚੁੱਕ ਕੇ ਧਨਵਾਨਾਂ ਨੂੰ ਆਪਣੀਆਂ ਭੇਟਾਂ ਖਜ਼ਾਨੇ ਵਿੱਚ ਪਾਉਂਦੇ ਵੇਖਿਆ 2ਅਤੇ ਉਸ ਨੇ ਇੱਕ ਗਰੀਬ ਵਿਧਵਾ ਨੂੰ ਵੀ ਦੋ ਛੋਟੇ ਸਿੱਕੇ#21:2 ਛੋਟੇ ਸਿੱਕੇ: ਉਸ ਸਮੇਂ ਪ੍ਰਚਿਲਤ ਤਾਂਬੇ ਦੇ ਸਿੱਕੇ ਜਿਨ੍ਹਾਂ ਨੂੰ “ਲੇਪਟੋਨ” ਕਹਿੰਦੇ ਸੀ। ਪਾਉਂਦੇ ਵੇਖਿਆ। 3ਤਦ ਉਸ ਨੇ ਕਿਹਾ,“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਸ ਗਰੀਬ ਵਿਧਵਾ ਨੇ ਸਭ ਤੋਂ ਵੱਧ ਪਾਇਆ, 4ਕਿਉਂਕਿ ਇਨ੍ਹਾਂ ਸਭਨਾਂ ਨੇ ਆਪਣੀ ਬਹੁਤਾਇਤ ਵਿੱਚੋਂ ਭੇਟ ਦਿੱਤੀ, ਪਰ ਇਸ ਨੇ#21:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪਰਮੇਸ਼ਰ ਦੇ ਲਈ” ਲਿਖਿਆ ਹੈ।ਆਪਣੀ ਥੁੜ੍ਹ ਵਿੱਚੋਂ ਆਪਣੀ ਸਾਰੀ ਪੂੰਜੀ ਜੋ ਇਸ ਦੇ ਕੋਲ ਸੀ, ਪਾ ਦਿੱਤੀ।”
ਹੈਕਲ ਦੇ ਢਾਏ ਜਾਣ ਬਾਰੇ ਭਵਿੱਖਬਾਣੀ
5ਜਦੋਂ ਕੁਝ ਲੋਕ ਹੈਕਲ ਦੇ ਬਾਰੇ ਗੱਲਾਂ ਕਰ ਰਹੇ ਸਨ ਕਿ ਇਸ ਨੂੰ ਸੁੰਦਰ ਪੱਥਰਾਂ ਅਤੇ ਚੜ੍ਹਾਵਿਆਂ ਦੀਆਂ ਵਸਤਾਂ ਨਾਲ ਸਜਾਇਆ ਗਿਆ ਹੈ ਤਾਂ ਉਸ ਨੇ ਕਿਹਾ, 6“ਇਹ ਜੋ ਤੁਸੀਂ ਵੇਖ ਰਹੇ ਹੋ, ਅਜਿਹੇ ਦਿਨ ਆਉਣਗੇ ਜਦੋਂ ਪੱਥਰ 'ਤੇ ਪੱਥਰ ਵੀ ਨਾ ਛੱਡਿਆ ਜਾਵੇਗਾ ਜੋ ਢਾਇਆ ਨਾ ਜਾਵੇ।”
ਅੰਤ ਸਮੇਂ ਦੇ ਚਿੰਨ੍ਹ
7ਤਦ ਉਨ੍ਹਾਂ ਨੇ ਉਸ ਤੋਂ ਪੁੱਛਿਆ, “ਗੁਰੂ ਜੀ, ਇਹ ਗੱਲਾਂ ਕਦੋਂ ਹੋਣਗੀਆਂ ਅਤੇ ਇਨ੍ਹਾਂ ਦੇ ਹੋਣ ਦਾ ਕੀ ਚਿੰਨ੍ਹ ਹੋਵੇਗਾ?” 8ਉਸ ਨੇ ਕਿਹਾ,“ਸਾਵਧਾਨ ਰਹੋ ਕਿ ਕੋਈ ਤੁਹਾਨੂੰ ਭਰਮਾ ਨਾ ਲਵੇ, ਕਿਉਂਕਿ ਬਹੁਤ ਸਾਰੇ ਮੇਰੇ ਨਾਮ ਵਿੱਚ ਆਉਣਗੇ ਅਤੇ ਕਹਿਣਗੇ, ‘ਮੈਂ ਉਹੋ ਹਾਂ’ ਅਤੇ ‘ਸਮਾਂ ਆ ਪਹੁੰਚਿਆ ਹੈ’; ਉਨ੍ਹਾਂ ਦੇ ਮਗਰ ਨਾ ਲੱਗਣਾ। 9ਪਰ ਜਦੋਂ ਤੁਸੀਂ ਲੜਾਈਆਂ ਅਤੇ ਫਸਾਦਾਂ ਬਾਰੇ ਸੁਣੋ ਤਾਂ ਘਬਰਾ ਨਾ ਜਾਣਾ, ਕਿਉਂਕਿ ਪਹਿਲਾਂ ਇਨ੍ਹਾਂ ਗੱਲਾਂ ਦਾ ਹੋਣਾ ਜ਼ਰੂਰੀ ਹੈ, ਪਰ ਅਜੇ ਅੰਤ ਨਹੀਂ ਹੋਵੇਗਾ।”
10ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਕੌਮ ਕੌਮ ਦੇ ਵਿਰੁੱਧ ਅਤੇ ਰਾਜ ਰਾਜ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ, 11ਵੱਡੇ-ਵੱਡੇ ਭੁਚਾਲ ਆਉਣਗੇ ਅਤੇ ਥਾਂ-ਥਾਂ ਕਾਲ ਤੇ ਮਹਾਂਮਾਰੀਆਂ ਪੈਣਗੀਆਂ ਅਤੇ ਅਕਾਸ਼ ਵਿੱਚ ਭਿਆਨਕ ਘਟਨਾਵਾਂ ਅਤੇ ਵੱਡੇ-ਵੱਡੇ ਚਿੰਨ੍ਹ ਵਿਖਾਈ ਦੇਣਗੇ। 12ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਉਹ ਤੁਹਾਨੂੰ ਫੜਨਗੇ ਅਤੇ ਤੁਹਾਡੇ ਉੱਤੇ ਅੱਤਿਆਚਾਰ ਕਰਨਗੇ। ਉਹ ਤੁਹਾਨੂੰ ਸਭਾ-ਘਰਾਂ ਵਿੱਚ ਸੌਂਪਣਗੇ ਅਤੇ ਕੈਦ ਵਿੱਚ ਪਾਉਣਗੇ ਅਤੇ ਮੇਰੇ ਨਾਮ ਦੇ ਕਾਰਨ ਤੁਹਾਨੂੰ ਰਾਜਿਆਂ ਅਤੇ ਹਾਕਮਾਂ ਦੇ ਸਾਹਮਣੇ ਲੈ ਜਾਣਗੇ; 13ਇਹ ਤੁਹਾਡੇ ਲਈ ਮੇਰੀ ਗਵਾਹੀ ਦੇਣ ਦਾ ਮੌਕਾ ਬਣ ਜਾਵੇਗਾ। 14ਇਸ ਲਈ ਆਪਣੇ ਮਨਾਂ ਵਿੱਚ ਪੱਕਿਆਂ ਕਰ ਲਵੋ ਕਿ ਆਪਣੇ ਬਚਾਅ ਲਈ ਪਹਿਲਾਂ ਤੋਂ ਤਿਆਰੀ ਨਾ ਕਰਨਾ, 15ਕਿਉਂਕਿ ਮੈਂ ਤੁਹਾਨੂੰ ਅਜਿਹੇ ਸ਼ਬਦ ਅਤੇ ਬੁੱਧ ਦਿਆਂਗਾ ਜਿਸ ਦਾ ਤੁਹਾਡੇ ਸਭ ਵਿਰੋਧੀ ਸਾਹਮਣਾ ਜਾਂ ਖੰਡਨ ਨਾ ਕਰ ਸਕਣਗੇ। 16ਤੁਹਾਡੇ ਮਾਤਾ-ਪਿਤਾ, ਭਰਾ, ਰਿਸ਼ਤੇਦਾਰ ਅਤੇ ਮਿੱਤਰ ਤੁਹਾਨੂੰ ਫੜਵਾਉਣਗੇ ਅਤੇ ਤੁਹਾਡੇ ਵਿੱਚੋਂ ਕਈਆਂ ਨੂੰ ਮਰਵਾ ਸੁੱਟਣਗੇ। 17ਮੇਰੇ ਨਾਮ ਦੇ ਕਾਰਨ ਸਭ ਤੁਹਾਡੇ ਨਾਲ ਵੈਰ ਰੱਖਣਗੇ, 18ਪਰ ਤੁਹਾਡੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਾ ਹੋਵੇਗਾ। 19ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਬਚਾ ਲਵੋਗੇ।
ਯਰੂਸ਼ਲਮ ਦੇ ਨਾਸ ਬਾਰੇ ਭਵਿੱਖਬਾਣੀ
20 “ਜਦੋਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘਿਰਿਆ ਵੇਖੋ ਤਾਂ ਜਾਣ ਲਵੋ ਕਿ ਇਸ ਦੀ ਬਰਬਾਦੀ ਨੇੜੇ ਹੈ। 21ਤਦ ਜਿਹੜੇ ਯਹੂਦਿਯਾ ਵਿੱਚ ਹੋਣ ਉਹ ਪਹਾੜਾਂ ਨੂੰ ਭੱਜ ਜਾਣ ਅਤੇ ਜਿਹੜੇ ਨਗਰ#21:21 ਅਰਥਾਤ ਯਰੂਸ਼ਲਮਦੇ ਅੰਦਰ ਹੋਣ ਉਹ ਬਾਹਰ ਨਿੱਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ ਉਹ ਨਗਰ ਦੇ ਅੰਦਰ ਨਾ ਜਾਣ, 22ਕਿਉਂਕਿ ਇਹ ਬਦਲਾ ਲੈਣ ਦੇ ਦਿਨ ਹੋਣਗੇ ਤਾਂਕਿ ਲਿਖੀਆਂ ਹੋਈਆਂ ਸਭ ਗੱਲਾਂ ਪੂਰੀਆਂ ਹੋਣ। 23ਹਾਏ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਵਤੀਆਂ ਅਤੇ ਦੁੱਧ ਚੁੰਘਾਉਂਦੀਆਂ ਹੋਣਗੀਆਂ, ਕਿਉਂਕਿ ਦੇਸ ਵਿੱਚ ਵੱਡਾ ਕਸ਼ਟ ਅਤੇ ਇਨ੍ਹਾਂ ਲੋਕਾਂ ਉੱਤੇ ਕ੍ਰੋਧ ਹੋਵੇਗਾ। 24ਉਹ ਤਲਵਾਰ ਨਾਲ ਘਾਤ ਕੀਤੇ ਜਾਣਗੇ ਅਤੇ ਬੰਦੀ ਬਣਾ ਕੇ ਸਭ ਦੇਸਾਂ ਵਿੱਚ ਲਿਜਾਏ ਜਾਣਗੇ ਅਤੇ ਯਰੂਸ਼ਲਮ ਪਰਾਈਆਂ ਕੌਮਾਂ ਦੁਆਰਾ ਲਤਾੜਿਆ ਜਾਵੇਗਾ, ਜਦੋਂ ਤੱਕ ਕਿ ਪਰਾਈਆਂ ਕੌਮਾਂ ਦਾ ਸਮਾਂ ਪੂਰਾ ਨਾ ਹੋ ਜਾਵੇ। 25ਸੂਰਜ, ਚੰਦਰਮਾ ਅਤੇ ਤਾਰਿਆਂ ਵਿੱਚ ਚਿੰਨ੍ਹ ਵਿਖਾਈ ਦੇਣਗੇ ਅਤੇ ਧਰਤੀ ਉੱਤੇ ਸੰਕਟ ਹੋਵੇਗਾ ਅਤੇ ਸਮੁੰਦਰ ਅਤੇ ਇਸ ਦੀਆਂ ਲਹਿਰਾਂ ਦੀ ਦਹਿਸ਼ਤ ਨਾਲ ਕੌਮਾਂ ਘਬਰਾ ਜਾਣਗੀਆਂ। 26ਡਰ ਦੇ ਕਾਰਨ ਅਤੇ ਸੰਸਾਰ ਉੱਤੇ ਹੋਣ ਵਾਲੀਆਂ ਗੱਲਾਂ ਬਾਰੇ ਸੋਚ ਕੇ ਲੋਕਾਂ ਦੇ ਦਿਲ ਬੈਠ ਜਾਣਗੇ, ਕਿਉਂਕਿ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। 27ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਤੇਜ ਨਾਲ ਬੱਦਲਾਂ ਉੱਤੇ ਆਉਂਦਾ ਵੇਖਣਗੇ। 28ਜਦੋਂ ਇਹ ਗੱਲਾਂ ਹੋਣ ਲੱਗਣ ਤਾਂ ਖੜ੍ਹੇ ਹੋ ਕੇ ਆਪਣਾ ਸਿਰ ਉਤਾਂਹ ਚੁੱਕਣਾ, ਕਿਉਂਕਿ ਤੁਹਾਡਾ ਛੁਟਕਾਰਾ ਆ ਪਹੁੰਚਿਆ ਹੈ।”
ਅੰਜੀਰ ਦੇ ਦਰਖ਼ਤ ਤੋਂ ਸਿੱਖਿਆ
29ਫਿਰ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ,“ਅੰਜੀਰ ਦੇ ਦਰਖ਼ਤ ਅਤੇ ਸਭਨਾਂ ਦਰਖ਼ਤਾਂ ਨੂੰ ਵੇਖੋ; 30ਜਦੋਂ ਉਨ੍ਹਾਂ ਦੇ ਪੱਤੇ ਨਿੱਕਲਦੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਵੇਖ ਕੇ ਆਪ ਹੀ ਜਾਣ ਲੈਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ। 31ਇਸੇ ਤਰ੍ਹਾਂ ਤੁਸੀਂ ਵੀ ਜਦੋਂ ਇਹ ਗੱਲਾਂ ਹੁੰਦੀਆਂ ਵੇਖੋ ਤਾਂ ਜਾਣ ਲਵੋ ਕਿ ਪਰਮੇਸ਼ਰ ਦਾ ਰਾਜ ਨੇੜੇ ਹੈ। 32ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਇਹ ਸਭ ਗੱਲਾਂ ਨਾ ਹੋ ਲੈਣ, ਇਸ ਪੀੜ੍ਹੀ ਦਾ ਅੰਤ ਨਾ ਹੋਵੇਗਾ। 33ਅਕਾਸ਼ ਅਤੇ ਧਰਤੀ ਟਲ਼ ਜਾਣਗੇ, ਪਰ ਮੇਰੇ ਵਚਨ ਕਦੇ ਨਾ ਟਲ਼ਣਗੇ।
ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ
34 “ਤੁਸੀਂ ਆਪਣੇ ਵਿਖੇ ਖ਼ਬਰਦਾਰ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਮਨ ਭੋਗ ਵਿਲਾਸ, ਮਤਵਾਲੇਪਣ ਅਤੇ ਜੀਵਨ ਦੀਆਂ ਚਿੰਤਾਵਾਂ ਹੇਠ ਦੱਬੇ ਹੋਏ ਹੋਣ ਅਤੇ ਉਹ ਦਿਨ ਇੱਕ ਫਾਹੀ ਵਾਂਗ ਤੁਹਾਡੇ ਉੱਤੇ ਅਚਾਨਕ ਆ ਪਵੇ 35ਕਿਉਂਕਿ ਇਹ ਸਾਰੀ ਧਰਤੀ ਦੇ ਸਭ ਰਹਿਣ ਵਾਲਿਆਂ ਉੱਤੇ ਆ ਪਵੇਗਾ। 36ਇਸ ਲਈ ਹਰ ਸਮੇਂ ਜਾਗਦੇ ਅਤੇ ਪ੍ਰਾਰਥਨਾ ਕਰਦੇ ਰਹੋ ਤਾਂਕਿ ਤੁਸੀਂ ਉਨ੍ਹਾਂ ਸਭ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ, ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜ੍ਹੇ ਹੋ ਸਕੋ।” 37ਯਿਸੂ ਦਿਨ ਵੇਲੇ ਹੈਕਲ ਵਿੱਚ ਉਪਦੇਸ਼ ਦਿੰਦਾ ਸੀ ਅਤੇ ਰਾਤ ਨੂੰ ਬਾਹਰ ਜਾ ਕੇ ਜ਼ੈਤੂਨ ਨਾਮਕ ਪਹਾੜ 'ਤੇ ਰਹਿੰਦਾ ਸੀ। 38ਸਭ ਲੋਕ ਤੜਕੇ ਉੱਠ ਕੇ ਉਸ ਦੇ ਕੋਲ ਹੈਕਲ ਵਿੱਚ ਉਸ ਦੀ ਸੁਣਨ ਲਈ ਆਉਂਦੇ ਸਨ।

ప్రస్తుతం ఎంపిక చేయబడింది:

ਲੂਕਾ 21: PSB

హైలైట్

షేర్ చేయి

కాపీ

None

మీ పరికరాలన్నింటి వ్యాప్తంగా మీ హైలైట్స్ సేవ్ చేయబడాలనుకుంటున్నారా? సైన్ అప్ చేయండి లేదా సైన్ ఇన్ చేయండి