ਲੂਕਾ 24
24
ਪ੍ਰਭੁ ਦਾ ਜੀ ਉੱਠਣਾ
1ਪਰ ਹਫਤੇ ਦੇ ਪਹਿਲੇ ਦਿਨ ਅੰਮ੍ਰਿਤ ਵੇਲੇ ਉਹ ਉਨ੍ਹਾਂ ਸੁਗੰਧਾਂ ਨੂੰ ਜਿਹੜੀਆਂ ਤਿਆਰ ਕੀਤੀਆਂ ਸਨ ਲੈਕੇ ਕਬਰ ਉੱਤੇ ਆਈਆਂ 2ਅਤੇ ਉਨ੍ਹਾਂ ਨੇ ਪੱਥਰ ਨੂੰ ਕਬਰੋਂ ਲਾਭੇਂ ਰਿੜ੍ਹਿਆ ਪਿਆ ਹੋਇਆ ਡਿੱਠਾ 3ਅਤੇ ਅੰਦਰ ਜਾ ਕੇ ਪ੍ਰਭੁ ਯਿਸੂ ਦੀ ਲੋਥ ਨਾ ਪਾਈ 4ਅਤੇ ਇਉਂ ਹੋਇਆ ਕਿ ਜਾਂ ਓਹ ਇਸ ਦੇ ਕਾਰਨ ਦੁਬਧਾ ਵਿੱਚ ਪਈਆਂ ਤਾਂ ਵੇਖੋ ਦੋ ਪੁਰਸ਼ ਚਮਕੀਲੀ ਪੁਸ਼ਾਕ ਪਹਿਨੀਂ ਉਨ੍ਹਾਂ ਦੇ ਕੋਲ ਆ ਖਲੋਤੇ 5ਜਾਂ ਓਹ ਡਰਦੀਆਂ ਅਤੇ ਆਪਣੇ ਸਿਰ ਜ਼ਮੀਨ ਦੀ ਵੱਲ ਝੁਕਾਉਂਦੀਆਂ ਸਨ ਤਾ ਉਨ੍ਹਾਂ ਇਨ੍ਹਾਂ ਨੂੰ ਆਖਿਆ, ਤੁਸੀਂ ਜੀਉਂਦੇ ਨੂੰ ਮੋਇਆਂ ਵਿੱਚ ਕਿਉਂ ਭਾਲਦੀਆਂ ਹੋ? 6ਉਹ ਐਥੇ ਹੈ ਨਹੀਂ ਪਰ ਜੀ ਉੱਠਿਆ ਹੈ। ਚੇਤੇ ਕਰੋ ਕਿ ਗਲੀਲ ਵਿੱਚ ਹੁੰਦਿਆਂ ਉਸ ਨੇ ਤੁਹਾਨੂੰ ਕਿੱਕੁਰ ਕਿਹਾ ਸੀ 7ਭਈ ਮਨੁੱਖ ਦੇ ਪੁੱਤ੍ਰ ਨੂੰ ਪਾਪੀ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣਾ ਅਤੇ ਸਲੀਬ ਉੱਤੇ ਚੜ੍ਹਾਇਆ ਜਾਣਾ ਅਤੇ ਤੀਏ ਦਿਨ ਜੀ ਉੱਠਣਾ ਜ਼ਰੂਰ ਹੈ 8ਤਾਂ ਉਸ ਦੀਆਂ ਗੱਲਾਂ ਉਨ੍ਹਾਂ ਨੂੰ ਚੇਤੇ ਆਈਆਂ 9ਅਤੇ ਕਬਰ ਤੋਂ ਮੁੜ ਕੇ ਓਹਨਾਂ ਨੇ ਏਹ ਸਾਰੀਆਂ ਗੱਲਾਂ ਉਨ੍ਹਾਂ ਗਿਆਰਾਂ ਅਤੇ ਹੋਰਨਾਂ ਸਭਨਾਂ ਨੂੰ ਦੱਸ ਦਿੱਤੀਆਂ 10ਸੋ ਮਰਿਯਮ ਮਗਦਲੀਨੀ ਅਤੇ ਯੋਆਨਾ ਅਤੇ ਯਾਕੂਬ ਦੀ ਮਾਂ ਮਰਿਯਮ ਅਰ ਉਨ੍ਹਾਂ ਦੇ ਨਾਲ ਦੀਆਂ ਹੋਰ ਤੀਵੀਆਂ ਨੇ ਰਸੂਲਾਂ ਨੂੰ ਏਹ ਗੱਲਾਂ ਕਹੀਆਂ 11ਅਤੇ ਏਹ ਗੱਲਾਂ ਉਨ੍ਹਾਂ ਨੂੰ ਕਹਾਣੀਆਂ ਜਹੀਆਂ ਮਲੂਮ ਹੋਈਆਂ ਅਤੇ ਉਨ੍ਹਾਂ ਨੇ ਓਹਨਾਂ ਦਾ ਸਤ ਨਾ ਮੰਨਿਆ 12ਪਰ ਪਤਰਸ ਉੱਠ ਕੇ ਕਬਰ ਵੱਲ ਭੱਜਿਆ ਅਤੇ ਝੁਕ ਕੇ ਨਿਰੇ ਓਹ ਕੱਪੜੇ ਡਿੱਠੇ ਅਰ ਇਸ ਵਾਰਤਾ ਤੋਂ ਅਚਰਜ ਮੰਨਦਾ ਹੋਇਆ ਆਪਣੇ ਘਰ ਚੱਲਿਆ ਗਿਆ।।
13ਤਾਂ ਵੇਖੋ ਓਸੇ ਦਿਨ ਉਨ੍ਹਾਂ ਵਿੱਚੋਂ ਦੋ ਜਣੇ ਇੰਮਊਸ ਨਾਉਂ ਦੇ ਇੱਕ ਪਿੰਡ ਨੂੰ ਜਾਂਦੇ ਸਨ ਜਿਹੜਾ ਯਰੂਸ਼ਲਮ ਤੋਂ ਪੰਜ ਕੋਹ ਵਾਟ ਤੇ ਹੈ 14ਸੋ ਉਨ੍ਹਾਂ ਸਭਨਾਂ ਗੱਲਾਂ ਦੇ ਵਿਖੇ ਜੋ ਬੀਤੀਆਂ ਸਨ ਆਪੋ ਵਿੱਚ ਗੱਲ ਬਾਤ ਕਰਦੇ ਸਨ 15ਅਤੇ ਐਉਂ ਹੋਇਆ ਕਿ ਜਾਂ ਓਹ ਗੱਲ ਬਾਤ ਅਰ ਚਰਚਾ ਕਰਦੇ ਸਨ ਤਾਂ ਯਿਸੂ ਆਪ ਨੇੜੇ ਆਣ ਕੇ ਉਨ੍ਹਾਂ ਦੇ ਨਾਲ ਤੁਰਿਆ ਗਿਆ 16ਪਰ ਉਨ੍ਹਾਂ ਦੇ ਨੇਤਰ ਬੰਦ ਕੀਤੇ ਗਏ ਸਨ ਭਈ ਉਹ ਨੂੰ ਨਾ ਸਿਆਣਨ 17ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਏਹ ਕੀ ਗੱਲਾਂ ਆਪੋ ਵਿੱਚ ਕਰਦੇ ਹੋ? ਤਾਂ ਓਹ ਉਦਾਸ ਹੋ ਕੇ ਖਲੋ ਗਏ 18ਤਦ ਕਲਿਉਪਸ ਨਾਉਂ ਦੇ ਇੱਕ ਨੇ ਉਹ ਨੂੰ ਉੱਤਰ ਦਿੱਤਾ, ਭਲਾ, ਤੂੰਏਂ ਕੱਲਾ ਯਰੂਸ਼ਲਮ ਵਿੱਚ ਓਪਰਾ ਹੈਂ ਅਤੇ ਅੱਜ ਕੱਲ ਜਿਹੜੀਆਂ ਵਾਰਤਾਂ ਉਸ ਵਿੱਚ ਬੀਤੀਆਂ ਹਨ ਨਹੀਂ ਜਾਣਦਾ ਹੈਂ? 19ਉਸ ਨੇ ਉਨ੍ਹਾਂ ਨੂੰ ਕਿਹਾ, ਕਿਹੜੀਆਂ ਵਾਰਤਾਂ? ਤਾਂ ਉਨ੍ਹਾਂ ਉਸ ਨੂੰ ਆਖਿਆ, ਯਿਸੂ ਨਾਸਰੀ ਦੇ ਵਿਖੇ ਜਿਹੜਾ ਨਬੀ ਅਰ ਨਾਲੇ ਪਰਮੇਸ਼ੁਰ ਅਤੇ ਸਾਰੇ ਲੋਕਾਂ ਦੇ ਅੱਗੇ ਕਰਨੀ ਅਤੇ ਬਚਨ ਵਿੱਚ ਸਮਰਥ ਸੀ 20ਅਰ ਕਿਸ ਤਰਾਂ ਪਰਧਾਨ ਜਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ ਉੱਤੇ ਚੜ੍ਹਾਇਆ 21ਪਰ ਸਾਨੂੰ ਇਹ ਆਸ ਸੀ ਭਈ ਇਹ ਉਹੋ ਹੈ ਜੋ ਇਸਰਾਏਲ ਦਾ ਨਿਸਤਾਰਾ ਕਰੇ ਅਰੇ ਇਨ੍ਹਾਂ ਸਭਨਾਂ ਗੱਲਾਂ ਤੋਂ ਬਾਝ ਐਸ ਮਾਜਰੇ ਬੀਤੇ ਨੂੰ ਅੱਜ ਤੀਆ ਦਿਨ ਹੋ ਗਿਆ ਹੈ 22ਪਰ ਸਾਡੇ ਵਿੱਚੋਂ ਕਈਆਂ ਤੀਵੀਆਂ ਨੇ ਭੀ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਓਹ ਤੜਕੇ ਕਬਰ ਤੇ ਗਈਆਂ 23ਅਤੇ ਜਾਂ ਉਹ ਦੀ ਲੋਥ ਨਾ ਪਾਈ ਤਾਂ ਇਹ ਆਖਦੀਆਂ ਆਈਆਂ ਜੋ ਸਾਨੂੰ ਦੂਤਾਂ ਦਾ ਦਰਸ਼ਣ ਭੀ ਹੋਇਆ ਜਿਨ੍ਹਾਂ ਆਖਿਆ ਭਈ ਉਹ ਜੀਉਂਦਾ ਹੈ! 24ਅਤੇ ਸਾਡੇ ਨਾਲ ਦਿਆਂ ਵਿੱਚੋਂ ਕਈਕੁ ਕਬਰ ਉੱਤੇ ਗਏ ਅਰ ਜਿਹੋ ਜਿਹਾ ਤੀਵੀਆਂ ਨੇ ਕਿਹਾ ਸੀ ਤਿਹੋ ਜਿਹਾ ਪਾਇਆ ਪਰ ਉਸ ਨੂੰ ਨਾ ਡਿਠਾ 25ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਹੇ ਬੇਸਮਝੋ ਅਰ ਨਬੀਆਂ ਦਿਆਂ ਸਾਰਿਆ ਬਚਨਾਂ ਉੱਤੇ ਪਰਤੀਤ ਕਰਨ ਵਿੱਚ ਢਿੱਲਿਓ! 26ਕੀ ਮਸੀਹ ਨੂੰ ਜ਼ਰੂਰੀ ਨਾ ਸੀ ਜੋ ਏਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ ਕਰੇ? 27ਅਤੇ ਮੂਸਾ ਅਰ ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਸ ਨੇ ਓਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿੱਚ ਉਹ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ 28ਉਹ ਪਿੰਡ ਨੇੜੇ ਆਇਆ ਜਿੱਥੇ ਜਾਂਦੇ ਸਨ ਅਰ ਉਸ ਨੇ ਅੱਗੇ ਵਧਨ ਨੂੰ ਕੀਤਾ 29ਤਾਂ ਉਨ੍ਹਾਂ ਉਸ ਨੂੰ ਅਟਕਾ ਕੇ ਆਖਿਆ ਕਿ ਸਾਡੇ ਨਾਲ ਰਹੋ ਕਿਉਂ ਜੋ ਸੰਝ ਪੈ ਗਈ ਅਤੇ ਹੁਣ ਦਿਨ ਲਹਿ ਚੱਲਿਆ ਹੈ ਅਰ ਉਹ ਉਨ੍ਹਾਂ ਦੇ ਸੰਗ ਟਿਕਣ ਨੂੰ ਅੰਦਰ ਗਿਆ 30ਇਉਂ ਹੋਇਆ ਕਿ ਜਾਂ ਉਹ ਉਨ੍ਹਾਂ ਦੇ ਨਾਲ ਪਰਸ਼ਾਦ ਛੱਕਣ ਨੂੰ ਬੈਠਾ ਤਾਂ ਉਸ ਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਨ੍ਹਾਂ ਨੂੰ ਫੜਾਈ 31ਤਦ ਉਨ੍ਹਾਂ ਦੇ ਨੇਤਰ ਖੁਲ੍ਹ ਗਏ ਅਤੇ ਉਨ੍ਹਾਂ ਉਸ ਨੂੰ ਸਿਆਣ ਲਿਆ ਅਰ ਉਹ ਉਨ੍ਹਾਂ ਤੋਂ ਅਲੋਪ ਹੋ ਗਿਆ 32ਤਾਂ ਓਹ ਇੱਕ ਦੂਏ ਨੂੰ ਆਖਣ ਲੱਗੇ ਭਈ ਜਾਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲ੍ਹਦਾ ਸੀ ਤਾਂ ਕਿ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ? 33ਓਹ ਉਸੇ ਘੜੀ ਉੱਠ ਕੇ ਯਰੂਸ਼ਲਮ ਨੂੰ ਮੁੜੇ ਅਤੇ ਗਿਆਰਾਂ ਚੇਲਿਆਂ ਅਰ ਉਨ੍ਹਾਂ ਦੇ ਨਾਲ ਦਿਆਂ ਨੂੰ ਇਕੱਠੇ ਪਾਇਆ 34ਜਿਹੜੇ ਕਹਿੰਦੇ ਸਨ ਕਿ ਪ੍ਰਭੁ ਸੱਚੀ ਮੁੱਚੀ ਜੀ ਉੱਠਿਆ ਅਰ ਸ਼ਮਊਨ ਨੂੰ ਵਿਖਾਈ ਦਿੱਤਾ! 35ਤਾਂ ਉਨ੍ਹਾਂ ਨੇ ਸੁਣਾਇਆ ਭਈ ਰਾਹ ਵਿੱਚ ਕੀ ਕੁਝ ਹੋਇਆ ਅਤੇ ਰੋਟੀ ਤੋੜਨ ਵਿੱਚ ਅਸਾਂ ਉਹ ਨੂੰ ਕਿੱਕੁਰ ਸਿਆਤਾ।।
36ਓਹ ਅਜੇ ਇਹ ਗੱਲਾਂ ਕਰਦੇ ਹੀ ਸਨ ਕਿ ਓਹ ਆਪ ਉਨ੍ਹਾਂ ਦੇ ਵਿੱਚ ਆ ਖਲੋਤਾ ਅਤੇ ਉਨ੍ਹਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ 37ਪਰ ਉਹ ਬਿਆਕੁਲ ਹੋ ਕੇ ਡਰ ਗਏ ਅਤੇ ਇਸ ਸਮਝੇ ਭਈ ਅਸੀਂ ਭੂਤ ਨੂੰ ਵੇਖਦੇ ਹਾਂ 38ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਾਹਨੂੰ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿੱਚ ਚਿੰਤਾਂ ਕਿਉਂ ਉਪਜੀਆਂ ਹਨ? 39ਮੇਰੇ ਹੱਥ ਅਰ ਮੇਰੇ ਪੈਰ ਵੇਖੋ ਜੋ ਮੈਂ ਹੀ ਹਾਂ । ਮੈਨੂੰ ਟੋਹੋ ਅਤੇ ਵੇਖੋ ਕਿਉਂਕਿ ਭੂਤ ਦੇ ਮਾਸ ਅਰ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਮੇਰੇ ਵਿੱਚ ਵੇਖਦੇ ਹੋ 40ਅਤੇ ਉਸ ਨੇ ਇਹ ਕਹਿ ਕਿ ਉਨ੍ਹਾਂ ਨੂੰ ਹੱਥ ਪੈਰ ਵਿਖਾਲੇ 41ਤਾਂ ਓਹ ਖੁਸ਼ੀ ਦੇ ਮਾਰੇ ਅਜੇ ਪਰਤੀਤ ਨਹੀਂ ਕਰਦੇ ਅਤੇ ਹੈਰਾਨ ਹੋ ਰਹੇ ਸਨ ਕਿ ਉਸ ਨੇ ਉਨ੍ਹਾਂ ਨੂੰ ਆਖਿਆ, ਐੱਥੇ ਤੁਹਾਡੇ ਕੋਲ ਕੁਝ ਭੋਜਨ ਹੈ? 42ਉਨ੍ਹਾਂ ਉਸ ਨੂੰ ਭੁੰਨੀ ਹੋਈ ਮੱਛੀ ਦਾ ਟੁਕੜਾ ਦਿੱਤਾ 43ਅਤੇ ਉਸ ਨੇ ਲੈ ਕੇ ਉਨ੍ਹਾਂ ਦੇ ਸਾਹਮਣੇ ਖਾ ਲਿਆ।।
44ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਏਹ ਮੇਰੀਆਂ ਓਹੋ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਹੋਇਆ ਤੁਹਾਨੂੰ ਆਖੀਆਂ ਭਈ ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ ਜੋ ਮੂਸਾ ਦੀ ਤੁਰੇਤ ਅਤੇ ਨਬੀਆਂ ਦੀ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ 45ਤਦ ਉਸ ਨੇ ਉਨ੍ਹਾਂ ਦੀ ਬੁੱਧ ਖੋਲ੍ਹ ਦਿੱਤੀ ਜੋ ਪੁਸਤਕਾਂ ਨੂੰ ਸਮਝ ਲੈਣ 46ਅਤੇ ਉਨ੍ਹਾਂ ਨੂੰ ਆਖਿਆ ਕਿ ਇਉਂ ਲਿਖਿਆ ਹੈ ਜੋ ਮਸੀਹ ਦੁਖ ਝੱਲੇਗਾ ਅਰ ਤੀਏ ਦਿਨ ਮੁਰਦਿਆਂ ਵਿੱਚੋਂ ਫੇਰ ਜੀ ਉੱਠੇਗਾ 47ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਹ ਦੇ ਨਾਮ ਉੱਤੇ ਤੋਬਾ ਅਰ ਪਾਪਾਂ ਦੀ ਮਾਫ਼ੀ ਦਾ ਪਰਚਾਰ ਕੀਤਾ ਜਾਵੇਗਾ 48ਤੁਸੀਂ ਇਨ੍ਹਾਂ ਗੱਲਾਂ ਦੇ ਗਵਾਹ ਹੋ 49ਅਤੇ ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ ਪਰ ਜਦ ਤੀਕੁਰ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਸ਼ਹਿਰ ਵਿੱਚ ਰਹੋ।।
50ਉਹ ਉਨਾਂ ਨੂੰ ਬਾਹਰ ਬੈਤਅਨੀਆ ਦੇ ਸਾਹਮਣੇ ਲੈ ਗਿਆ ਅਰ ਆਪਣੇ ਹੱਥ ਉਠਾ ਕੇ ਉਨ੍ਹਾਂ ਨੂੰ ਅਸੀਸ ਦਿੱਤੀ 51ਅਤੇ ਇਉਂ ਹੋਇਆ ਕਿ ਜਾਂ ਉਹ ਉਨ੍ਹਾਂ ਨੂੰ ਅਸੀਸ ਦੇ ਰਿਹਾ ਸੀ ਤਾਂ ਉਹ ਉਨ੍ਹਾਂ ਤੋਂ ਅਲਗ ਹੋਇਆ ਅਰ ਅਕਾਸ਼ ਉੱਤੇ ਉਠਾਇਆ ਗਿਆ 52ਅਤੇ ਓਹ ਉਸ ਨੂੰ ਸੀ ਨਿਵਾ ਕੇ ਵੱਡੀ ਖੁਸ਼ੀ ਨਾਲ ਯਰੂਸ਼ਲਮ ਨੂੰ ਮੁੜੇ 53ਅਰ ਹੈਕਲ ਵਿੱਚ ਨਿੱਤ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹੇ।।
Currently Selected:
ਲੂਕਾ 24: PUNOVBSI
Qaqambisa
Share
Copy
Ufuna ukuba iimbalasane zakho zigcinwe kuzo zonke izixhobo zakho? Bhalisela okanye ngena
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.