ਮੱਤੀ ਭੂਮਿਕਾ

ਭੂਮਿਕਾ
ਮੱਤੀ ਦਾ ਸ਼ੁਭ ਸਮਾਚਾਰ ਦੱਸਦਾ ਹੈ ਕਿ ਪ੍ਰਭੂ ਯਿਸੂ ਵਾਅਦਾ ਕੀਤੇ ਹੋਏ ਮੁਕਤੀਦਾਤਾ ਹਨ ਅਤੇ ਉਹਨਾਂ ਦੇ ਦੁਆਰਾ ਪਰਮੇਸ਼ਰ ਨੇ ਪੁਰਾਣੇ ਨੇਮ ਵਿੱਚ ਆਪਣੇ ਕੀਤੇ ਵਾਅਦੇ ਪੂਰੇ ਕੀਤੇ ਹਨ । ਇਹ ਸ਼ੁਭ ਸਮਾਚਾਰ ਕੇਵਲ ਯਹੂਦੀ ਲੋਕਾਂ ਦੇ ਲਈ ਹੀ ਨਹੀਂ ਹੈ ਜਿਹਨਾਂ ਵਿੱਚ ਯਿਸੂ ਪੈਦਾ ਹੋਏ ਅਤੇ ਰਹੇ ਸਗੋਂ ਪੂਰੇ ਸੰਸਾਰ ਦੇ ਲਈ ਹੈ ।
ਮੱਤੀ ਨੇ ਆਪਣੇ ਸ਼ੁਭ ਸਮਾਚਾਰ ਨੂੰ ਬੜੀ ਤਰਤੀਬ ਦੇ ਨਾਲ ਲਿਖਿਆ ਹੈ । ਇਸ ਸ਼ੁਭ ਸਮਾਚਾਰ ਦਾ ਆਰੰਭ ਯਿਸੂ ਦੇ ਜਨਮ ਨਾਲ ਹੁੰਦਾ ਹੈ ਅਤੇ ਫਿਰ ਇਹ ਯਿਸੂ ਦੇ ਬਪਤਿਸਮੇ ਬਾਰੇ ਅਤੇ ਪਰਤਾਵਿਆਂ ਬਾਰੇ ਦੱਸਦਾ ਹੈ । ਇਸ ਦੇ ਬਾਅਦ ਉਹ ਯਿਸੂ ਦੀ ਸੇਵਾ ਦਾ ਬਿਆਨ ਕਰਦਾ ਹੈ ਜਿਸ ਵਿੱਚ ਯਿਸੂ ਦੇ ਗਲੀਲ ਵਿੱਚ ਕੀਤੇ ਪ੍ਰਚਾਰ, ਸਿੱਖਿਆ ਅਤੇ ਬਿਮਾਰਾਂ ਨੂੰ ਚੰਗਾ ਕਰਨ ਦੇ ਕੰਮਾਂ ਦਾ ਬਿਆਨ ਹੈ । ਅੰਤ ਵਿੱਚ ਇਸ ਸ਼ੁਭ ਸਮਾਚਾਰ ਵਿੱਚ ਪ੍ਰਭੂ ਯਿਸੂ ਦੀ ਗਲੀਲ ਤੋਂ ਯਰੂਸ਼ਲਮ ਤੱਕ ਦੀ ਯਾਤਰਾ ਅਤੇ ਆਖ਼ਰੀ ਹਫ਼ਤੇ ਦੀਆਂ ਘਟਨਾਵਾਂ ਜਿਹੜੀਆਂ ਸਲੀਬੀ ਮੌਤ ਅਤੇ ਮੁਰਦਿਆਂ ਵਿੱਚੋਂ ਜੀਅ ਉੱਠਣ ਨਾਲ ਸਮਾਪਤ ਹੁੰਦੀਆਂ ਹਨ, ਦਾ ਵਰਣਨ ਕੀਤਾ ਗਿਆ ਹੈ ।
ਇਹ ਸ਼ੁਭ ਸਮਾਚਾਰ ਪ੍ਰਭੂ ਯਿਸੂ ਨੂੰ ਇੱਕ ਮਹਾਨ ਸਿੱਖਿਅਕ ਦੇ ਰੂਪ ਵਿੱਚ ਪੇਸ਼ ਕਰਦਾ ਹੈ ਜਿਹਨਾਂ ਨੂੰ ਵਿਵਸਥਾ ਦੀ ਵਿਆਖਿਆ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਜਿਹੜੇ ਪਰਮੇਸ਼ਰ ਦੇ ਰਾਜ ਬਾਰੇ ਸਿੱਖਿਆ ਦਿੰਦੇ ਹਨ । ਪ੍ਰਭੂ ਯਿਸੂ ਦੀਆਂ ਸਿੱਖਿਆਵਾਂ ਨੂੰ ਵਿਸ਼ਾ-ਵਸਤੂ ਦੇ ਆਧਾਰ ਉੱਤੇ ਪੰਜ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ।
(1) ਪਹਾੜੀ ਉਪਦੇਸ਼ ਜਿਸ ਵਿੱਚ ਸਵਰਗ ਦੇ ਰਾਜ ਦੇ ਨਾਗਰਿਕ ਦੇ ਆਚਰਣ, ਕਰਤੱਵ, ਹੱਕਾਂ ਅਤੇ ਅੰਤ ਬਾਰੇ ਦੱਸਿਆ ਗਿਆ ਹੈ (ਅਧਿਆਇ 5-7)
(2) ਬਾਰ੍ਹਾਂ ਚੇਲਿਆਂ ਨੂੰ ਉਹਨਾਂ ਦੇ ਉਦੇਸ਼ ਬਾਰੇ ਹਿਦਾਇਤਾਂ (ਅਧਿਆਇ 10)
(3) ਸਵਰਗ ਦੇ ਰਾਜ ਸੰਬੰਧੀ ਦ੍ਰਿਸ਼ਟਾਂਤ (ਅਧਿਆਇ 13)
(4) ਚੇਲੇ ਹੋਣ ਦੇ ਅਰਥ ਬਾਰੇ ਸਿੱਖਿਆ (ਅਧਿਆਇ 18)
(5) ਵਰਤਮਾਨ ਸਮੇਂ ਦੇ ਅੰਤ ਅਤੇ ਸਵਰਗ ਦੇ ਰਾਜ ਦੇ ਆਉਣ ਬਾਰੇ ਸਿੱਖਿਆਵਾਂ (ਅਧਿਆਇ 24-25)
ਵਿਸ਼ਾ-ਵਸਤੂ ਦੀ ਰੂਪ-ਰੇਖਾ
ਵੰਸਾਵਲੀ ਅਤੇ ਯਿਸੂ ਮਸੀਹ ਦਾ ਜਨਮ 1:1—2:23
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਸੇਵਾ 3:1-12
ਪ੍ਰਭੂ ਯਿਸੂ ਦਾ ਬਪਤਿਸਮਾ ਅਤੇ ਪਰਤਾਵਾ 3:13—4:11
ਪ੍ਰਭੂ ਯਿਸੂ ਦੀ ਗਲੀਲ ਵਿੱਚ ਜਨਤਕ ਸੇਵਕਾਈ 4:12—18:35
ਗਲੀਲ ਤੋਂ ਯਰੂਸ਼ਲਮ ਤੱਕ 19:1—20:34
ਪ੍ਰਭੂ ਯਿਸੂ ਦਾ ਯਰੂਸ਼ਲਮ ਵਿੱਚ ਅਤੇ ਯਰੂਸ਼ਲਮ ਦੇ ਨੇੜੇ ਆਖ਼ਰੀ ਹਫ਼ਤਾ 21:1—27:66
ਪ੍ਰਭੂ ਯਿਸੂ ਦਾ ਜੀਅ ਉੱਠਣਾ ਅਤੇ ਪ੍ਰਗਟ ਹੋਣਾ 28:1-20

Qaqambisa

Share

Copy

None

Ufuna ukuba iimbalasane zakho zigcinwe kuzo zonke izixhobo zakho? Bhalisela okanye ngena