ਯੂਹੰਨਾ 12

12
ਸ਼ਾਹੀ ਦਾਖ਼ਲਾ। ਯੂਨਾਨੀ ਪ੍ਰਭੁ ਦਾ ਦਰਸ਼ਣ ਲੋਚਦੇ ਹਨ
1ਫੇਰ ਪਸਾਹ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਅਨਿਯਾ ਵਿੱਚ ਆਇਆ ਜਿੱਥੇ ਲਾਜ਼ਰ ਸੀ ਜਿਹ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ 2ਸੋ ਉੱਥੇ ਉਨ੍ਹਾਂ ਉਸ ਦੇ ਲਈ ਭੋਜਨ ਤਿਆਰ ਕੀਤਾ ਅਤੇ ਮਾਰਥਾ ਟਹਿਲ ਕਰਦੀ ਸੀ ਪਰ ਲਾਜ਼ਰ ਉਨ੍ਹਾਂ ਵਿੱਚੋਂ ਇੱਕ ਸੀ ਜਿਹੜੇ ਉਹ ਦੇ ਨਾਲ ਖਾਣ ਬੈਠੇ ਸਨ 3ਤਦ ਮਰਿਯਮ ਨੇ ਅੱਧ ਸੇਰ ਮਹਿੰਗ ਮੁੱਲਾ ਜਟਾ ਮਾਸੀ ਦਾ ਖਰਾ ਅਤਰ ਲੈ ਕੇ ਯਿਸੂ ਦੇ ਚਰਨਾਂ ਨੂੰ ਮਲਿਆ ਅਤੇ ਆਪਣੇ ਵਾਲਾਂ ਨਾਲ ਉਹ ਦੇ ਚਰਨ ਪੂੰਝੇ ਅਤੇ ਘਰ ਅਤਰ ਦੀ ਬਾਸਨਾ ਨਾਲ ਭਰ ਗਿਆ 4ਪਰ ਉਹ ਦੇ ਚੇਲਿਆਂ ਵਿੱਚੋਂ ਯਹੂਦਾ ਇਸਕਰਿਯੋਤੀ ਨੇ ਜਿਨ ਉਸ ਨੂੰ ਫੜਵਾਉਣਾ ਸੀ ਆਖਿਆ 5ਇਹ ਅਤਰ ਡੂਢ ਸੌ ਰੁਪਏ ਨੂੰ ਵੇਚ ਕੇ ਕੰਗਾਲਾਂ ਨੂੰ ਕਿਂਊ ਨਾ ਦਿੱਤਾ ਗਿਆ? 6ਪਰ ਉਹ ਨੇ ਇਹ ਗੱਲ ਇਸ ਕਾਰਨ ਨਹੀਂ ਆਖੀ ਜੋ ਕੰਗਾਲਾਂ ਦੀ ਚਿੰਤਾ ਕਰਦਾ ਸੀ ਪਰ ਇਸ ਕਾਰਨ ਜੋ ਉਹ ਚੋਰ ਸੀ ਅਤੇ ਗੁਥਲੀ ਉਹ ਦੇ ਕੋਲ ਰਹਿੰਦੀ ਸੀ ਅਰ ਜੋ ਕੁਝ ਉਸ ਵਿੱਚ ਪਾਇਆ ਜਾਂਦਾ ਸੀ ਉਹ ਨੂੰ ਲੈ ਜਾਂਦਾ ਸੀ 7ਤਾਂ ਯਿਸੂ ਨੇ ਆਖਿਆ, ਉਹ ਨੂੰ ਇਹ ਮੇਰੇ ਕਫ਼ਨਾਉਣ ਦਫ਼ਨਾਉਣ ਦੇ ਦਿਨ ਲਈ ਰੱਖਣ ਦਿਹ 8ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ।।
9ਤਦ ਯਹੂਦੀਆਂ ਦੇ ਬਹੁਤ ਸਾਰੇ ਲੋਕ ਜਾਣ ਗਏ ਭਈ ਉਹ ਉੱਥੇ ਹੈ ਅਤੇ ਓਹ ਆਏ ਨਿਰਾ ਯਿਸੂ ਪਿੱਛੇ ਨਹੀਂ ਸਗੋਂ ਇਸ ਲਈ ਵੀ ਜੋ ਲਾਜ਼ਰ ਨੂੰ ਵੇਖਣ ਜਿਹ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ 10ਪਰ ਪਰਧਾਨ ਜਾਜਕਾਂ ਨੇ ਮਤਾ ਪਕਾਇਆ ਜੋ ਲਾਜ਼ਰ ਨੂੰ ਵੀ ਜਾਨੋਂ ਮਾਰ ਦੇਈਏ 11ਕਿਉਂਕਿ ਉਹ ਦੇ ਕਾਰਨ ਯਹੂਦੀਆਂ ਵਿੱਚੋਂ ਬਾਹਲੇ ਲੋਕ ਚੱਲੇ ਗਏ ਅਤੇ ਯਿਸੂ ਉੱਤੇ ਨਿਹਚਾ ਕਰਦੇ ਸਨ।।
12ਦੂਜੇ ਦਿਨ ਬਹੁਤ ਸਾਰੇ ਲੋਕ ਜੋ ਤਿਉਹਾਰ ਤੇ ਆਏ ਸਨ ਜਦ ਉਨ੍ਹਾਂ ਨੇ ਸੁਣਿਆ ਜੋ ਯਿਸੂ ਯਰੂਸ਼ਲਮ ਨੂੰ ਆਉਂਦਾ ਹੈ 13ਖਜੂਰਾਂ ਦੀਆਂ ਟਹਿਣੀਆਂ ਲੈ ਕੇ ਉਹ ਦੇ ਮਿਲਣ ਨੂੰ ਨਿੱਕਲੇ ਅਤੇ ਉੱਚੀ ਦਿੱਤੀ ਬੋਲਣ ਲੱਗੇ ਹੋਸੰਨਾ! ਧੰਨ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ ਅਤੇ ਇਸਰਾਏਲ ਦਾ ਪਾਤਸ਼ਾਹ ਹੈ! 14ਅਤੇ ਯਿਸੂ ਨੇ ਇੱਕ ਗਧੀ ਦਾ ਬੱਚਾ ਪਾਇਆ ਅਤੇ ਉਸ ਉੱਤੇ ਸਵਾਰ ਹੋਇਆ ਜਿਵੇਂ ਲਿਖਿਆ ਹੋਇਆ ਹੈ#ਜ਼ਕਰ. 9:9
15ਸੀਯੋਨ ਦੀ ਬੇਟੀ, ਨਾ ਡਰ,
ਵੇਖ ਤੇਰਾ ਪਾਤਸ਼ਾਹ ਗਧੀ ਦੇ ਬੱਚੇ ਤੇ
ਸਵਾਰ ਹੋ ਕੇ ਆਉਂਦਾ ਹੈ।।
16ਉਹ ਦੇ ਚੇਲਿਆਂ ਨੇ ਏਹ ਗੱਲਾਂ ਨਾ ਸਮਝੀਆਂ ਪਰ ਜਾਂ ਯਿਸੂ ਆਪਣੇ ਤੇਜ ਨੂੰ ਪਹੁੰਚਿਆ ਤਾਂ ਉਨ੍ਹਾਂ ਨੂੰ ਚੇਤੇ ਆਇਆ ਜੋ ਏਹ ਗੱਲਾਂ ਉਸੇ ਵਿਖੇ ਲਿਖੀਆਂ ਹੋਈਆਂ ਸਨ ਅਤੇ ਉਨ੍ਹਾਂ ਉਸ ਦੇ ਨਾਲ ਏਹ ਕੰਮ ਕੀਤੇ ਸਨ 17ਤਦ ਉਨ੍ਹਾਂ ਲੋਕਾਂ ਨੇ ਜਿਹੜੇ ਉਸ ਵੇਲੇ ਉਹ ਦੇ ਨਾਲ ਸਨ ਜਦ ਉਹ ਨੇ ਲਾਜ਼ਰ ਨੂੰ ਕਬਰੋਂ ਬਾਹਰ ਸੱਦਿਆ ਸੀ ਅਤੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ ਸਾਖੀ ਦਿੱਤੀ 18ਇਸ ਕਰਕੇ ਵੀ ਲੋਕ ਉਹ ਨੂੰ ਜਾ ਮਿਲੇ ਕਿਉਂ ਜੋ ਉਨ੍ਹਾਂ ਸੁਣਿਆ ਸੀ ਭਈ ਉਸ ਨੇ ਇਹ ਨਿਸ਼ਾਨ ਵਿਖਾਇਆ 19ਤਾਂ ਫ਼ਰੀਸੀ ਆਪਸ ਵਿੱਚ ਕਹਿਣ ਲੱਗੇ, ਤੁਸੀਂ ਵੇਖਦੇ ਹੋ ਜੋ ਤੁਹਾਥੋਂ ਕੁਝ ਨਹੀਂ ਬਣਿ ਆਉਂਦਾ । ਵੇਖੋ ਜਗਤ ਉਹ ਦੇ ਪਿੱਛੇ ਲੱਗ ਤੁਰਿਆ!।।
20ਜਿਹੜੇ ਲੋਕ ਤਿਉਹਾਰ ਉੱਤੇ ਬੰਦਗੀ ਕਰਨ ਆਏ ਉਨ੍ਹਾਂ ਵਿੱਚ ਕਈ ਯੂਨਾਨੀ ਸਨ 21ਸੋ ਓਹ ਫ਼ਿਲਿੱਪੁਸ ਦੇ ਕੋਲ ਜੋ ਗਲੀਲ ਦੇ ਬੈਤਸੈਦੇ ਦਾ ਸੀ ਆਏ ਅਤੇ ਉਹ ਦੇ ਅੱਗੇ ਅਰਜ਼ ਕਰ ਕੇ ਆਖਿਆ, ਜੀ, ਅਸਾਂ ਯਿਸੂ ਦਾ ਦਰਸ਼ਣ ਕਰਨਾ ਹੈ 22ਫ਼ਿਲਿੱਪੁਸ ਨੇ ਆਣ ਕੇ ਅੰਦ੍ਰਿਯਾਸ ਨੂੰ ਕਹਿ ਦਿੱਤਾ ਅਤੇ ਅੰਦ੍ਰਿਯਾਸ ਅਰ ਫ਼ਿਲਿੱਪੁਸ ਨੇ ਆਣ ਕੇ ਯਿਸੂ ਨੂੰ ਆਖਿਆ 23ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਵੇਲਾ ਆ ਪੁੱਜਿਆ ਹੈ ਜੋ ਮਨੁੱਖ ਦੇ ਪੁੱਤ੍ਰ ਦੀ ਵਡਿਆਈ ਕੀਤੀ ਜਾਏ 24ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਕਣਕ ਦਾ ਦਾਣਾ ਜੇ ਜ਼ਮੀਨ ਵਿੱਚ ਪੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ ਪਰ ਜੇ ਮਰੇ ਤਾਂ ਬਹੁਤ ਸਾਰਾ ਫਲ ਦਿੰਦਾ ਹੈ 25ਜਿਹੜਾ ਆਪਣੀ ਜਾਨ ਨਾਲ ਹਿਤ ਕਰਦਾ ਹੈ ਉਹ ਉਸ ਨੂੰ ਗੁਆਉਂਦਾ ਅਤੇ ਜਿਹੜਾ ਇਸ ਜਗਤ ਵਿੱਚ ਆਪਣੀ ਜਾਨ ਨਾਲ ਵੈਰ ਰੱਖਦਾ ਹੈ ਉਹ ਸਦੀਪਕ ਜੀਉਣ ਤਾਈਂ ਉਹ ਦੀ ਰੱਛਿਆ ਕਰੇਗਾ 26ਜੇ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤੁਰੇ ਅਰ ਜਿੱਥੇ ਮੈਂ ਹਾਂ ਮੇਰਾ ਸੇਵਕ ਭੀ ਉੱਥੇ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਹ ਦਾ ਆਦਰ ਕਰੇਗਾ 27ਹੁਣ ਮੇਰਾ ਜੀ ਘਬਰਾਉਂਦਾ ਹੈ ਅਤੇ ਮੈਂ ਕੀ ਆਖਾਂ? ਹੇ ਪਿਤਾ ਮੈਨੂੰ ਇਸ ਘੜੀ ਤੋਂ ਬਚਾ? ਪਰ ਇਸੇ ਲਈ ਮੈਂ ਇਸ ਘੜੀ ਤੀਕੁ ਆਇਆ ਹਾਂ 28ਹੇ ਪਿਤਾ ਆਪਣੇ ਨਾਮ ਨੂੰ ਵਡਿਆਈ ਦੇਹ । ਤਦੋਂ ਏਹ ਸੁਰਗੀ ਬਾਣੀ ਆਈ ਜੋ ਮੈਂ ਉਹ ਨੂੰ ਵਡਿਆਈ ਦਿੱਤੀ ਹੈ ਅਰ ਫੇਰ ਵੀ ਦਿਆਂਗਾ 29ਤਦ ਲੋਕਾਂ ਨੇ ਜਿਹੜੇ ਕੋਲ ਖਲੋਤੇ ਸਨ ਜਾਂ ਇਹ ਸੁਣਿਆ ਤਾਂ ਕਹਿਣ ਲੱਗੇ ਜੋ ਬੱਦਲ ਗਰਜਿਆ ਹੈ । ਹੋਰਨਾਂ ਆਖਿਆ, ਦੂਤ ਨੇ ਇਹ ਦੇ ਨਾਲ ਗੱਲ ਕੀਤੀ ਹੈ 30ਯਿਸੂ ਨੇ ਉੱਤਰ ਦਿੱਤਾ ਕਿ ਇਹ ਸ਼ਬਦ ਮੇਰੇ ਲਈ ਨਹੀਂ ਪਰ ਤੁਹਾਡੇ ਲਈ ਆਇਆ ਹੈ 31ਹੁਣ ਇਸ ਜਗਤ ਦਾ ਨਿਆਉਂ ਹੁੰਦਾ ਹੈ। ਹੁਣ ਇਸ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ 32ਅਰ ਮੈਂ ਜੇ ਧਰਤੀ ਉੱਤੋਂ ਉੱਚਾ ਕੀਤਾ ਜਾਵਾਂ ਤਾਂ ਸਾਰਿਆਂ ਨੂੰ ਆਪਣੀ ਵੱਲ ਖਿੱਚਾਂਗਾ 33ਉਸ ਨੇ ਇਹ ਆਖਿਆ ਭਈ ਪਤਾ ਦੇਵੇ ਜੋ ਉਹ ਨੇ ਆਪ ਕਿਹੜੀ ਮੌਤ ਨਾਲ ਮਰਨਾ ਸੀ 34ਇਸ ਕਾਰਨ ਲੋਕਾਂ ਨੇ ਉਹ ਨੂੰ ਉੱਤਰ ਦਿੱਤਾ, ਅਸਾਂ ਸ਼ਰਾ ਵਿੱਚੋਂ ਸੁਣਿਆ ਹੈ ਜੋ ਮਸੀਹ ਸਦਾ ਰਹੂ। ਫੇਰ ਤੂੰ ਕਿੱਕੁਰ ਆਖਦਾ ਹੈਂ ਭਈ ਮਨੁੱਖ ਦੇ ਪੁੱਤ੍ਰ ਦਾ ਉੱਚਾ ਕੀਤਾ ਜਾਣਾ ਜਰੂਰ ਹੈ? ਇਹ ਮਨੁੱਖ ਦਾ ਪੁੱਤ੍ਰ ਕੌਣ ਹੈ? 35ਸੋ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਚਾਨਣ ਅਜੇ ਥੋੜਾ ਚਿਰ ਹੋਰ ਤੁਹਾਡੇ ਵਿੱਚ ਹੈ । ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚੱਲੇ ਚੱਲੋ ਭਈ ਕਿਤੇ ਐਉਂ ਨਾ ਹੋਵੇ ਜੋ ਅਨ੍ਹੇਰਾ ਤੁਹਾਨੂੰ ਆ ਘੇਰੇ ਅਤੇ ਜੋ ਅਨ੍ਹੇਰੇ ਵਿੱਚ ਚੱਲਦਾ ਹੈ ਸੋ ਨਹੀਂ ਜਾਣਦਾ ਜੋ ਉਹ ਕਿੱਥੇ ਤੁਰਦਾ ਹੈ 36ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚਾਨਣ ਉੱਤੇ ਨਿਹਚਾ ਕਰੋ ਤਾਂ ਜੋ ਤੁਸੀਂ ਚਾਨਣ ਦੇ ਪੁੱਤ੍ਰ ਹੋਵੋ।।
ਯਿਸੂ ਨੇ ਏਹ ਗੱਲਾਂ ਆਖੀਆਂ ਅਤੇ ਜਾਕੇ ਉਨ੍ਹਾਂ ਤੋਂ ਲੁਕ ਗਿਆ 37ਭਾਵੇਂ ਉਸ ਨੇ ਉਨ੍ਹਾਂ ਦੇ ਸਾਹਮਣੇ ਐੱਨੇ ਨਿਸ਼ਾਨ ਵਿਖਾਏ ਸਨ ਤਾਂ ਵੀ ਉਨ੍ਹਾਂ ਉਸ ਉੱਤੇ ਨਿਹਚਾ ਨਹੀਂ ਕੀਤੀ 38ਤਾਂ ਜੋ ਯਸਾਯਾਹ ਨਬੀ ਦਾ ਬਚਨ#ਯਸ. 53:1 ਪੂਰਾ ਹੋਵੇ ਜਿਹੜਾ ਉਹ ਨੇ ਕਿਹਾ ਸੀ ਕਿ ਹੇ ਪ੍ਰਭੁ ਸਾਡੇ ਸਨੇਹੇ ਦੀ ਕਿਨ ਪਰਤੀਤ ਕੀਤੀ ਅਤੇ ਪ੍ਰਭੁ ਦੀ ਬਾਂਹ ਕਿਸ ਉੱਤੇ ਪਰਗਟ ਹੋਈ ਹੈ? 39ਇਸ ਕਾਰਨ ਓਹ ਨਿਹਚਾ ਨਾ ਕਰ ਸੱਕੇ ਕਿਉਂ ਜੋ ਯਸਾਯਾਹ ਨੇ ਫੇਰ ਆਖਿਆ,#ਯਸ. 6:9,10
40ਉਸ ਨੇ ਓਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ
ਦਿੱਤੀਆਂ,
ਅਤੇ ਓਹਨਾਂ ਦਾ ਦਿਲ ਕਠੋਰ ਕੀਤਾ ਹੈ,
ਮਤੇ ਓਹ ਅੱਖਾਂ ਨਾਲ ਵੇਖਣ,
ਅਤੇ ਮਨ ਨਾਲ ਸਮਝਣ ਅਰ ਮੁੜ ਆਉਣ,
ਅਤੇ ਮੈਂ ਓਹਨਾਂ ਨੂੰ ਚੰਗਾ ਕਰਾਂ।।
41ਯਸਾਯਾਹ ਨੇ ਏਹ ਬਚਨ ਕੀਤੇ ਇਸ ਲਈ ਜੋ ਉਨ ਉਸ ਦਾ ਤੇਜ ਵੇਖਿਆ ਅਰ ਉਸੇ ਵਿਖੇ ਬੋਲਿਆ 42ਤਾਂ ਵੀ ਸਰਦਾਰਾਂ ਵਿੱਚੋਂ ਭੀ ਬਹੁਤਿਆਂ ਨੇ ਉਸ ਉੱਤੇ ਨਿਹਚਾ ਕੀਤੀ ਪਰ ਫ਼ਰੀਸੀਆਂ ਦੇ ਕਾਰਨ ਉਨ੍ਹਾਂ ਨੇ ਜਬਾਨੀ ਨਾ ਮੰਨਿਆ ਭਈ ਐਉਂ ਨਾ ਹੋਵੇ ਜੋ ਅਸੀਂ ਸਮਾਜ ਵਿੱਚੋਂ ਛੇਕੇ ਜਾਈਏ 43ਕਿਉਂਕਿ ਓਹ ਪਰਮੇਸ਼ੁਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਦੇ ਬਹੁਤੇ ਭੁੱਖੇ ਸਨ।।
44ਯਿਸੂ ਨੇ ਉੱਚੀ ਅਵਾਜ਼ ਨਾਲ ਆਖਿਆ, ਜਿਹੜਾ ਮੇਰੇ ਉੱਤੇ ਨਿਹਚਾ ਕਰਦਾ ਹੈ ਉਹ ਮੇਰੇ ਉੱਤੇ ਨਹੀਂ ਸਗੋਂ ਉਸ ਉੱਤੇ ਨਿਹਚਾ ਕਰਦਾ ਹੈ ਜਿਨ ਮੈਨੂੰ ਘੱਲਿਆ 45ਅਰ ਜੋ ਮੈਨੂੰ ਵੇਖਦਾ ਹੈ ਸੋ ਉਹ ਨੂੰ ਵੇਖਦਾ ਹੈ ਜਿਨ ਮੈਨੂੰ ਘੱਲਿਆ 46ਮੈਂ ਜਗਤ ਵਿੱਚ ਚਾਨਣ ਹੋ ਕੇ ਆਇਆ ਹਾਂ ਤਾਂ ਜੋ ਹਰ ਕੋਈ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਅਨ੍ਹੇਰੇ ਵਿੱਚ ਨਾ ਰਹੇ 47ਅਰ ਜੇ ਕੋਈ ਮੇਰੀਆਂ ਗੱਲਾਂ ਸੁਣੇ ਅਤੇ ਨਾ ਮੰਨੇ ਤਾਂ ਮੈਂ ਉਹ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਕਿਉਂ ਜੋ ਮੈਂ ਜਗਤ ਨੂੰ ਦੋਸ਼ੀ ਠਹਿਰਾਉਣ ਨਹੀਂ ਸਗੋਂ ਜਗਤ ਨੂੰ ਬਚਾਉਣ ਆਇਆ ਹਾਂ 48ਜਿਹੜਾ ਮੈਨੂੰ ਰੱਦ ਕਰਦਾ ਹੈ ਅਤੇ ਮੇਰੀਆਂ ਗੱਲਾਂ ਨਹੀਂ ਕਬੂਲਦਾ, ਉਹ ਨੂੰ ਇੱਕ ਦੋਸ਼ੀ ਠਹਿਰਾਉਂਦਾ ਹੈ । ਜਿਹੜਾ ਬਚਨ ਮੈਂ ਕਿਹਾ ਓਹੀਓ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਵੇਗਾ 49ਕਿਉਂ ਜੋ ਮੈਂ ਆਪ ਤੋਂ ਨਹੀਂ ਬੋਲਿਆ ਪਰ ਪਿਤਾ ਜਿਨ ਮੈਨੂੰ ਘੱਲਿਆ ਉਸੇ ਨੇ ਮੈਨੂੰ ਹੁਕਮ ਦਿੱਤਾ ਭਈ ਮੈਂ ਕੀ ਬਚਨ ਕਰਾਂ ਅਤੇ ਕੀ ਬੋਲਾਂ 50ਅਰ ਮੈਂ ਜਾਣਦਾ ਹਾਂ ਕਿ ਉਹ ਦਾ ਬਚਨ ਸਦੀਪਕ ਜੀਉਣ ਹੈ। ਇਸ ਕਾਰਨ ਮੈਂ ਜੋ ਕੁਝ ਬੋਲਦਾ ਹਾਂ ਸੋ ਜਿਵੇਂ ਪਿਤਾ ਨੇ ਮੈਨੂੰ ਆਖਿਆ ਹੈ ਤਿਵੇਂ ਬੋਲਦਾ ਹਾਂ।।

Àwon tá yàn lọ́wọ́lọ́wọ́ báyìí:

ਯੂਹੰਨਾ 12: PUNOVBSI

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀

YouVersion nlo awọn kuki lati ṣe adani iriri rẹ. Nipa lilo oju opo wẹẹbu wa, o gba lilo awọn kuki wa gẹgẹbi a ti ṣalaye ninu Eto Afihan wa