ਯੂਹੰਨਾ 8

8
ਵਿਭਚਾਰ ਵਿੱਚ ਫੜੀ ਗਈ ਔਰਤ
1ਫਿਰ ਯਿਸੂ ਜ਼ੈਤੂਨ ਦੇ ਪਹਾੜ ਵੱਲ ਚਲੇ ਗਏ । 2-3ਅਗਲੇ ਦਿਨ ਸਵੇਰੇ ਉਹ ਦੁਬਾਰਾ ਹੈਕਲ ਵਿੱਚ ਗਏ । ਸਾਰੇ ਲੋਕ ਉਹਨਾਂ ਦੇ ਕੋਲ ਇਕੱਠੇ ਹੋ ਗਏ ਅਤੇ ਉਹ ਉਹਨਾਂ ਨੂੰ ਬੈਠ ਕੇ ਸਿੱਖਿਆ ਦੇਣ ਲੱਗੇ । ਵਿਵਸਥਾ ਦੇ ਸਿੱਖਿਅਕ ਅਤੇ ਫ਼ਰੀਸੀ ਇੱਕ ਔਰਤ ਨੂੰ ਲਿਆਏ ਜਿਹੜੀ ਵਿਭਚਾਰ ਕਰਦੀ ਹੋਈ ਫੜੀ ਗਈ ਸੀ । ਉਹਨਾਂ ਨੇ ਉਸ ਔਰਤ ਨੂੰ ਵਿਚਕਾਰ ਖੜ੍ਹਾ ਕਰ ਕੇ ਕਿਹਾ, 4“ਗੁਰੂ ਜੀ, ਇਹ ਔਰਤ ਵਿਭਚਾਰ ਕਰਦੀ ਹੋਈ ਫੜੀ ਗਈ ਹੈ । 5#ਲੇਵੀ 20:10, ਵਿਵ 22:22-24ਸਾਡੀ ਵਿਵਸਥਾ ਵਿੱਚ ਮੂਸਾ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਅਜਿਹੀਆਂ ਔਰਤਾਂ ਨੂੰ ਪਥਰਾਓ ਕਰ ਕੇ ਮਾਰ ਦਿੱਤਾ ਜਾਵੇ । ਪਰ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ?” 6ਇਹ ਉਹਨਾਂ ਨੇ ਯਿਸੂ ਨੂੰ ਪਰਖਣ ਦੇ ਲਈ ਕਿਹਾ ਕਿ ਉਹ ਯਿਸੂ ਦੇ ਉੱਤੇ ਕੋਈ ਦੋਸ਼ ਲਾ ਸਕਣ । ਪਰ ਯਿਸੂ ਝੁਕ ਕੇ ਉਂਗਲੀ ਦੇ ਨਾਲ ਜ਼ਮੀਨ ਦੇ ਉੱਤੇ ਕੁਝ ਲਿਖਣ ਲੱਗੇ । 7ਪਰ ਜਦੋਂ ਉਹ ਲੋਕ ਉੱਥੇ ਖੜ੍ਹੇ ਯਿਸੂ ਤੋਂ ਪੁੱਛਦੇ ਹੀ ਰਹੇ ਤਾਂ ਉਹਨਾਂ ਨੇ ਆਪਣਾ ਸਿਰ ਉਤਾਂਹ ਚੁੱਕ ਕੇ ਉਹਨਾਂ ਨੇ ਵਿਵਸਥਾ ਦੇ ਸਿੱਖਿਅਕਾਂ ਅਤੇ ਫ਼ਰੀਸੀਆਂ ਨੂੰ ਕਿਹਾ, “ਤੁਹਾਡੇ ਵਿੱਚੋਂ ਜਿਹੜਾ ਕੋਈ ਬਿਨਾਂ ਪਾਪ ਦੇ ਹੈ, ਉਹ ਹੀ ਇਸ ਨੂੰ ਪਹਿਲਾ ਪੱਥਰ ਮਾਰੇ ।” 8ਇਹ ਕਹਿ ਕੇ ਉਹ ਫਿਰ ਝੁੱਕ ਕੇ ਜ਼ਮੀਨ ਦੇ ਉੱਤੇ ਲਿਖਣ ਲੱਗੇ । 9ਇਹ ਸੁਣ ਕੇ ਵੱਡਿਆਂ ਤੋਂ ਸ਼ੁਰੂ ਕਰ ਕੇ ਛੋਟਿਆਂ ਤੱਕ, ਸਾਰੇ ਇੱਕ ਇੱਕ ਕਰ ਕੇ ਉੱਥੋਂ ਖਿਸਕ ਗਏ । ਕੇਵਲ ਯਿਸੂ ਅਤੇ ਉਹ ਔਰਤ ਜਿਹੜੀ ਵਿਚਕਾਰ ਖੜ੍ਹੀ ਸੀ, ਉੱਥੇ ਰਹਿ ਗਏ । 10ਯਿਸੂ ਨੇ ਫਿਰ ਆਪਣਾ ਸਿਰ ਉਤਾਂਹ ਚੁੱਕਿਆ ਅਤੇ ਉਸ ਔਰਤ ਨੂੰ ਕਿਹਾ, “ਬੀਬੀ, ਉਹ ਕਿੱਥੇ ਹਨ ? ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਸਿੱਧ ਨਹੀਂ ਕੀਤਾ ?” ਉਸ ਔਰਤ ਨੇ ਉੱਤਰ ਦਿੱਤਾ, 11“ਪ੍ਰਭੂ ਜੀ, ਕਿਸੇ ਨੇ ਵੀ ਨਹੀਂ ।” ਯਿਸੂ ਨੇ ਕਿਹਾ, “ਮੈਂ ਵੀ ਤੈਨੂੰ ਦੋਸ਼ੀ ਸਿੱਧ ਨਹੀਂ ਕਰਦਾ । ਜਾ, ਦੁਬਾਰਾ ਪਾਪ ਨਾ ਕਰੀਂ ।”]#8:11 ਕੁਝ ਪ੍ਰਾਚੀਨ ਲਿਖਤਾਂ ਵਿੱਚ 7:53 ਤੋਂ ਲੈ ਕੇ 8:11 ਤੱਕ ਇਹ ਆਇਤਾਂ ਨਹੀਂ ਹਨ ।
ਪ੍ਰਭੂ ਯਿਸੂ ਸੰਸਾਰ ਦਾ ਚਾਨਣ
12 # ਮੱਤੀ 5:14, ਯੂਹ 9:5 ਯਿਸੂ ਨੇ ਫਿਰ ਉਹਨਾਂ ਨੂੰ ਕਿਹਾ, “ਮੈਂ ਸੰਸਾਰ ਦਾ ਚਾਨਣ ਹਾਂ । ਜਿਹੜਾ ਮੇਰੇ ਪਿੱਛੇ ਆਵੇਗਾ ਉਹ ਹਨੇਰੇ ਵਿੱਚ ਨਹੀਂ ਚੱਲੇਗਾ ਸਗੋਂ ਜੀਵਨ ਦਾ ਚਾਨਣ ਪ੍ਰਾਪਤ ਕਰੇਗਾ ।” 13#ਯੂਹ 5:31ਫ਼ਰੀਸੀਆਂ ਨੇ ਉਹਨਾਂ ਨੂੰ ਕਿਹਾ, “ਤੂੰ ਆਪਣੀ ਗਵਾਹੀ ਆਪ ਦਿੰਦਾ ਹੈਂ । ਇਸ ਲਈ ਤੇਰੀ ਗਵਾਹੀ ਸੱਚੀ ਨਹੀਂ ਹੈ ।” 14ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਭਾਵੇਂ ਮੈਂ ਆਪਣੀ ਗਵਾਹੀ ਆਪ ਦਿੰਦਾ ਹਾਂ ਪਰ ਮੇਰੀ ਗਵਾਹੀ ਸੱਚੀ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ । ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ । 15ਤੁਸੀਂ ਕੇਵਲ ਮਨੁੱਖੀ ਆਧਾਰ ਨਾਲ ਨਿਆਂ ਕਰਦੇ ਹੋ ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ । 16ਪਰ ਜੇਕਰ ਮੈਂ ਨਿਆਂ ਕਰਾਂ ਵੀ ਤਾਂ ਵੀ ਮੇਰਾ ਨਿਆਂ ਸੱਚਾ ਹੈ ਕਿਉਂਕਿ ਮੈਂ ਇਕੱਲਾ ਇਹ ਕੰਮ ਨਹੀਂ ਕਰਦਾ ਸਗੋਂ ਪਿਤਾ, ਜਿਹਨਾਂ ਨੇ ਮੈਨੂੰ ਭੇਜਿਆ ਹੈ ਮੇਰੇ ਨਾਲ ਹਨ । 17ਤੁਹਾਡੀ ਵਿਵਸਥਾ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਦੋ ਆਦਮੀਆਂ ਦੀ ਗਵਾਹੀ ਸੱਚੀ ਹੁੰਦੀ ਹੈ । 18ਮੈਂ ਆਪਣੇ ਬਾਰੇ ਗਵਾਹੀ ਦਿੰਦਾ ਹਾਂ ਅਤੇ ਮੇਰੇ ਭੇਜਣ ਵਾਲੇ ਪਿਤਾ ਵੀ ਮੇਰੇ ਬਾਰੇ ਗਵਾਹੀ ਦਿੰਦੇ ਹਨ ।” 19ਉਹਨਾਂ ਨੇ ਯਿਸੂ ਤੋਂ ਪੁੱਛਿਆ, “ਤੇਰਾ ਪਿਤਾ ਕਿੱਥੇ ਹੈ ?” ਯਿਸੂ ਨੇ ਉੱਤਰ ਦਿੱਤਾ, “ਨਾ ਤੁਸੀਂ ਮੈਨੂੰ ਜਾਣਦੇ ਹੋ ਅਤੇ ਨਾ ਹੀ ਮੇਰੇ ਪਿਤਾ ਨੂੰ । ਜੇਕਰ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ ।”
20ਇਹ ਸਭ ਗੱਲਾਂ ਯਿਸੂ ਨੇ ਹੈਕਲ ਵਿੱਚ ਸਿੱਖਿਆ ਦਿੰਦੇ ਹੋਏ, ਕੋਸ਼ਗ੍ਰਹਿ#8:20 ਖ਼ਜ਼ਾਨੇ ਵਾਲਾ ਕਮਰਾ ਵਿੱਚ ਕਹੀਆਂ ਪਰ ਕਿਸੇ ਨੇ ਉਹਨਾਂ ਨੂੰ ਨਾ ਫੜਿਆ ਕਿਉਂਕਿ ਅਜੇ ਉਹਨਾਂ ਦਾ ਸਮਾਂ ਨਹੀਂ ਆਇਆ ਸੀ ।
ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੇ ਨਹੀਂ ਆ ਸਕਦੇ
21ਯਿਸੂ ਨੇ ਉਹਨਾਂ ਨੂੰ ਫਿਰ ਕਿਹਾ, “ਮੈਂ ਜਾ ਰਿਹਾ ਹਾਂ । ਤੁਸੀਂ ਮੈਨੂੰ ਲੱਭੋਗੇ ਪਰ ਤੁਸੀਂ ਆਪਣੇ ਪਾਪ ਵਿੱਚ ਮਰੋਗੇ । ਤੁਸੀਂ ਉੱਥੇ ਨਹੀਂ ਆ ਸਕਦੇ ਜਿੱਥੇ ਮੈਂ ਜਾ ਰਿਹਾ ਹਾਂ ।” 22ਤਦ ਯਹੂਦੀਆਂ ਨੇ ਕਿਹਾ, “ਕੀ ਇਹ ਆਤਮ-ਹੱਤਿਆ ਤਾਂ ਨਹੀਂ ਕਰੇਗਾ ਕਿਉਂਕਿ ਇਹ ਕਹਿ ਰਿਹਾ ਹੈ, ‘ਜਿੱਥੇ ਮੈਂ ਜਾ ਰਿਹਾ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ’ ?” 23ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਸੀਂ ਧਰਤੀ ਦੇ ਹੋ ਪਰ ਮੈਂ ਸਵਰਗ ਦਾ ਹਾਂ । ਤੁਸੀਂ ਇਸ ਸੰਸਾਰ ਦੇ ਹੋ ਪਰ ਮੈਂ ਇਸ ਸੰਸਾਰ ਦਾ ਨਹੀਂ ਹਾਂ । 24ਇਸੇ ਲਈ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ । ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ‘ਮੈਂ ਉਹ ਹੀ ਹਾਂ ਜੋ ਹਾਂ,’ ਤਾਂ ਤੁਸੀਂ ਆਪਣੇ ਪਾਪਾਂ ਦੇ ਵਿੱਚ ਜ਼ਰੂਰ ਮਰੋਗੇ ।” 25ਉਹਨਾਂ ਨੇ ਯਿਸੂ ਤੋਂ ਪੁੱਛਿਆ, “ਤੂੰ ਕੌਣ ਹੈਂ ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਉਹ ਹੀ ਹਾਂ, ਜੋ ਮੈਂ ਤੁਹਾਨੂੰ ਸ਼ੁਰੂ ਤੋਂ ਦੱਸਿਆ ਹੈ ।#8:25 ਕੁਝ ਪ੍ਰਾਚੀਨ ਲਿਖਤਾਂ ਵਿੱਚ ਇਸ ਵਚਨ ਨੂੰ ਇਸ ਤਰ੍ਹਾਂ ਵੀ ਪੜ੍ਹਿਆ ਜਾ ਸਕਦਾ ਹੈ, “ਮੈਂ ਤੁਹਾਡੇ ਨਾਲ ਕਿਉਂ ਗੱਲ ਕਰਾਂ ?” 26ਮੇਰੇ ਕੋਲ ਤੁਹਾਨੂੰ ਦੱਸਣ ਦੇ ਲਈ ਅਤੇ ਨਿਆਂ ਕਰਨ ਦੇ ਲਈ ਬਹੁਤ ਸਾਰੀਆਂ ਗੱਲਾਂ ਹਨ ਪਰ ਉਹ ਜਿਹਨਾਂ ਨੇ ਮੈਨੂੰ ਭੇਜਿਆ ਹੈ, ਸੱਚੇ ਹਨ ਅਤੇ ਕੇਵਲ ਉਹ ਹੀ ਗੱਲਾਂ ਜੋ ਮੈਂ ਉਹਨਾਂ ਦੇ ਕੋਲੋਂ ਸੁਣੀਆਂ ਹਨ, ਸੰਸਾਰ ਨੂੰ ਦੱਸਦਾ ਹਾਂ ।”
27ਉਹ ਸਮਝ ਨਾ ਸਕੇ ਕਿ ਯਿਸੂ ਉਹਨਾਂ ਦੇ ਨਾਲ ਪਿਤਾ ਦੇ ਬਾਰੇ ਗੱਲ ਕਰ ਰਹੇ ਸਨ । 28ਇਸ ਲਈ ਯਿਸੂ ਨੇ ਉਹਨਾਂ ਨੂੰ ਕਿਹਾ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਚੁੱਕੋਗੇ#8:28 ਸਲੀਬ ਉੱਤੇ ਚੜ੍ਹਾਓਗੇ । ਤਾਂ ਉਸ ਸਮੇਂ ਤੁਸੀਂ ਜਾਣੋਗੇ ਕਿ ‘ਮੈਂ ਉਹ ਹੀ ਹਾਂ ਜੋ ਮੈਂ ਕਹਿੰਦਾ ਹਾਂ,’ ਅਤੇ ਮੈਂ ਆਪਣੇ ਆਪ ਕੁਝ ਨਹੀਂ ਕਰਦਾ ਪਰ ਜਿਸ ਤਰ੍ਹਾਂ ਪਿਤਾ ਨੇ ਮੈਨੂੰ ਸਿਖਾਇਆ ਹੈ ਮੈਂ ਉਸੇ ਤਰ੍ਹਾਂ ਇਹ ਸਭ ਕਹਿੰਦਾ ਹਾਂ । 29ਜਿਹਨਾਂ ਨੇ ਮੈਨੂੰ ਭੇਜਿਆ ਹੈ, ਉਹ ਮੇਰੇ ਨਾਲ ਹਨ । ਉਹਨਾਂ ਨੇ ਮੈਨੂੰ ਇਕੱਲਾ ਨਹੀਂ ਛੱਡਿਆ ਕਿਉਂਕਿ ਮੈਂ ਹਮੇਸ਼ਾ ਉਹ ਹੀ ਕਰਦਾ ਹਾਂ ਜੋ ਉਹ ਪਸੰਦ ਕਰਦੇ ਹਨ ।” 30ਜਦੋਂ ਉਹ ਇਹ ਗੱਲਾਂ ਕਹਿ ਰਹੇ ਸਨ ਤਾਂ ਬਹੁਤ ਸਾਰੇ ਲੋਕਾਂ ਨੇ ਸੁਣ ਕੇ ਉਹਨਾਂ ਵਿੱਚ ਵਿਸ਼ਵਾਸ ਕੀਤਾ ।
ਸੱਚ ਤੁਹਾਨੂੰ ਮੁਕਤ ਕਰੇਗਾ
31ਫਿਰ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਜਿਹਨਾਂ ਨੇ ਉਹਨਾਂ ਵਿੱਚ ਵਿਸ਼ਵਾਸ ਕੀਤਾ ਸੀ ਕਿਹਾ, “ਜੇਕਰ ਤੁਸੀਂ ਮੇਰੇ ਵਚਨਾਂ ਦੇ ਅਨੁਸਾਰ ਚੱਲੋ ਤਾਂ ਤੁਸੀਂ ਅਸਲ ਵਿੱਚ ਮੇਰੇ ਚੇਲੇ ਹੋ । 32ਇਸ ਤਰ੍ਹਾਂ ਤੁਸੀਂ ਸੱਚ ਨੂੰ ਜਾਣੋਗੇ ਅਤੇ ਸੱਚ ਤੁਹਾਨੂੰ ਮੁਕਤ ਕਰੇਗਾ ।” 33#ਮੱਤੀ 3:9, ਲੂਕਾ 3:8ਉਹਨਾਂ ਨੇ ਉੱਤਰ ਦਿੱਤਾ, “ਅਸੀਂ ਅਬਰਾਹਾਮ ਦੀ ਕੁਲ ਵਿੱਚੋਂ ਹਾਂ ਅਤੇ ਅਸੀਂ ਅੱਜ ਤੱਕ ਕਿਸੇ ਦੇ ਗ਼ੁਲਾਮ ਨਹੀਂ ਹੋਏ । ਫਿਰ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਕਿ ਤੁਸੀਂ ਮੁਕਤ ਕੀਤੇ ਜਾਓਗੇ ?” 34ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਹਰ ਕੋਈ ਜਿਹੜਾ ਪਾਪ ਕਰਦਾ ਹੈ, ਉਹ ਪਾਪ ਦਾ ਗ਼ੁਲਾਮ ਹੈ । 35ਗ਼ੁਲਾਮ ਹਮੇਸ਼ਾ ਘਰ ਵਿੱਚ ਨਹੀਂ ਰਹਿੰਦਾ ਪਰ ਪੁੱਤਰ ਹਮੇਸ਼ਾ ਰਹਿੰਦਾ ਹੈ । 36ਇਸ ਲਈ ਜੇਕਰ ਪੁੱਤਰ ਤੁਹਾਨੂੰ ਮੁਕਤ ਕਰਦਾ ਹੈ ਤਾਂ ਤੁਸੀਂ ਅਸਲ ਵਿੱਚ ਮੁਕਤ ਹੋਵੋਗੇ । 37ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਕੁਲ ਵਿੱਚੋਂ ਹੋ ਪਰ ਫਿਰ ਵੀ ਤੁਸੀਂ ਮੈਨੂੰ ਮਾਰਨ ਦੀ ਵਿਓਂਤ ਬਣਾ ਰਹੇ ਹੋ ਕਿਉਂਕਿ ਮੇਰੇ ਵਚਨ ਲਈ ਤੁਹਾਡੇ ਦਿਲਾਂ ਦੇ ਵਿੱਚ ਕੋਈ ਥਾਂ ਨਹੀਂ ਹੈ । 38ਮੈਂ ਉਹ ਹੀ ਕਹਿੰਦਾ ਹਾਂ ਜੋ ਮੈਂ ਆਪਣੇ ਪਿਤਾ ਦੇ ਕੋਲ ਦੇਖਿਆ ਹੈ ਪਰ ਤੁਸੀਂ ਉਹ ਹੀ ਕਰਦੇ ਹੋ ਜੋ ਤੁਸੀਂ ਆਪਣੇ ਪਿਤਾ ਦੇ ਕੋਲੋਂ ਸੁਣਿਆ ਹੈ ।”
39ਉਹਨਾਂ ਨੇ ਯਿਸੂ ਨੂੰ ਕਿਹਾ, “ਅਸੀਂ ਅਬਰਾਹਾਮ ਦੀ ਸੰਤਾਨ ਹਾਂ” ਪਰ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜੇਕਰ ਤੁਸੀਂ ਅਬਰਾਹਾਮ ਦੀ ਸੰਤਾਨ ਹੁੰਦੇ ਤਾਂ ਤੁਸੀਂ ਅਬਰਾਹਾਮ ਵਰਗੇ ਕੰਮ ਕਰਦੇ । 40ਤੁਸੀਂ ਤਾਂ ਮੈਨੂੰ, ਇੱਕ ਅਜਿਹੇ ਆਦਮੀ ਨੂੰ ਮਾਰਨ ਦੀ ਸੋਚ ਰਹੇ ਹੋ, ਜਿਸ ਨੇ ਤੁਹਾਨੂੰ ਪਰਮੇਸ਼ਰ ਦੇ ਕੋਲੋਂ ਸੁਣੇ ਹੋਏ ਸੱਚ ਦੇ ਬਾਰੇ ਦੱਸਿਆ ਹੈ । ਅਬਰਾਹਾਮ ਨੇ ਤਾਂ ਇਸ ਤਰ੍ਹਾਂ ਨਹੀਂ ਕੀਤਾ । 41ਤੁਸੀਂ ਆਪਣੇ ਪਿਤਾ ਵਾਲੇ ਕੰਮ ਕਰ ਰਹੇ ਹੋ ।” ਉਹਨਾਂ ਨੇ ਉੱਤਰ ਦਿੱਤਾ, “ਅਸੀਂ ਵਿਭਚਾਰ ਤੋਂ ਨਹੀਂ ਪੈਦਾ ਹੋਏ । ਸਾਡੇ ਇੱਕ ਹੀ ਪਿਤਾ ਹਨ ਜੋ ਕਿ ਪਰਮੇਸ਼ਰ ਹਨ ।” 42ਯਿਸੂ ਨੇ ਉਹਨਾਂ ਨੂੰ ਕਿਹਾ, “ਜੇਕਰ ਪਰਮੇਸ਼ਰ ਤੁਹਾਡੇ ਪਿਤਾ ਹੁੰਦੇ ਤਾਂ ਤੁਸੀਂ ਮੈਨੂੰ ਪਿਆਰ ਕਰਦੇ ਕਿਉਂਕਿ ਮੈਂ ਪਰਮੇਸ਼ਰ ਦੇ ਵੱਲੋਂ ਇੱਥੇ ਆਇਆ ਹਾਂ । ਮੈਂ ਆਪਣੇ ਆਪ ਨਹੀਂ ਆਇਆ ਸਗੋਂ ਉਹਨਾਂ ਨੇ ਮੈਨੂੰ ਭੇਜਿਆ ਹੈ । 43ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ ? ਕਿਉਂਕਿ ਤੁਸੀਂ ਮੇਰੇ ਵਚਨ ਨੂੰ ਸੁਣਨ ਦੇ ਯੋਗ ਨਹੀਂ ਹੋ । 44ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ ਅਤੇ ਆਪਣੇ ਪਿਤਾ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ ਚਾਹੁੰਦੇ ਹੋ । ਉਹ ਆਦਿ ਤੋਂ ਹੀ ਕਾਤਲ ਸੀ । ਉਹ ਸੱਚਾਈ ਉੱਤੇ ਕਾਇਮ ਨਹੀਂ ਰਿਹਾ ਕਿਉਂਕਿ ਸੱਚ ਉਸ ਵਿੱਚ ਨਹੀਂ ਹੈ । ਉਹ ਜਦੋਂ ਝੂਠ ਬੋਲਦਾ ਹੈ ਤਾਂ ਉਹ ਆਪਣੇ ਸੁਭਾਅ ਦੇ ਅਨੁਸਾਰ ਹੀ ਬੋਲਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠਿਆਂ ਦਾ ਪਿਤਾ ਹੈ । 45ਪਰ ਮੈਂ ਸੱਚ ਕਹਿ ਰਿਹਾ ਹਾਂ ਅਤੇ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ । 46ਤੁਹਾਡੇ ਵਿੱਚੋਂ ਕੌਣ ਮੈਨੂੰ ਪਾਪੀ ਸਿੱਧ ਕਰ ਸਕਦਾ ਹੈ । ਜੇਕਰ ਮੈਂ ਸੱਚ ਬੋਲਦਾ ਹਾਂ ਤਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ ? 47ਜਿਹੜਾ ਪਰਮੇਸ਼ਰ ਤੋਂ ਹੈ ਉਹ ਪਰਮੇਸ਼ਰ ਦੇ ਵਚਨ ਸੁਣਦਾ ਹੈ । ਕਿਉਂਕਿ ਤੁਸੀਂ ਪਰਮੇਸ਼ਰ ਤੋਂ ਨਹੀਂ ਹੋ ਇਸ ਲਈ ਤੁਸੀਂ ਨਹੀਂ ਸੁਣਦੇ ।”
ਯਿਸੂ ਅਤੇ ਅਬਰਾਹਾਮ
48ਯਹੂਦੀਆਂ ਨੇ ਯਿਸੂ ਨੂੰ ਉੱਤਰ ਦਿੱਤਾ, “ਕੀ ਸਾਡਾ ਇਹ ਕਹਿਣਾ ਠੀਕ ਨਹੀਂ ਕਿ ਤੂੰ ਸਾਮਰੀ ਹੈਂ ਅਤੇ ਤੇਰੇ ਵਿੱਚ ਅਸ਼ੁੱਧ ਆਤਮਾ ਹੈ ?” 49ਯਿਸੂ ਨੇ ਉੱਤਰ ਦਿੱਤਾ, “ਮੇਰੇ ਵਿੱਚ ਅਸ਼ੁੱਧ ਆਤਮਾ ਨਹੀਂ ਹੈ । ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ ਪਰ ਤੁਸੀਂ ਮੇਰਾ ਨਿਰਾਦਰ ਕਰਦੇ ਹੋ । 50ਮੈਂ ਆਪਣੀ ਵਡਿਆਈ ਨਹੀਂ ਚਾਹੁੰਦਾ ਪਰ ਇੱਕ ਹਨ ਜਿਹੜੇ ਇਹ ਚਾਹੁੰਦੇ ਹਨ ਅਤੇ ਨਿਆਂ ਕਰਦੇ ਹਨ । 51ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜਿਹੜਾ ਮੇਰੇ ਵਚਨਾਂ ਉੱਤੇ ਚੱਲਦਾ ਹੈ ਉਹ ਕਦੀ ਵੀ ਮੌਤ ਦਾ ਮੂੰਹ ਨਹੀਂ ਦੇਖੇਗਾ ।” 52ਤਦ ਯਹੂਦੀਆਂ ਨੇ ਯਿਸੂ ਨੂੰ ਕਿਹਾ, “ਹੁਣ ਅਸੀਂ ਜਾਣ ਗਏ ਹਾਂ ਕਿ ਤੇਰੇ ਵਿੱਚ ਅਸ਼ੁੱਧ ਆਤਮਾ ਹੈ ! ਅਬਰਾਹਾਮ ਮਰ ਗਿਆ ਅਤੇ ਸਾਰੇ ਨਬੀ ਵੀ ਪਰ ਤੂੰ ਕਹਿੰਦਾ ਹੈਂ, ‘ਜੇਕਰ ਕੋਈ ਵਚਨਾਂ ਉੱਤੇ ਚੱਲਦਾ ਹੈ ਉਹ ਕਦੀ ਵੀ ਮੌਤ ਦਾ ਮੂੰਹ ਨਹੀਂ ਦੇਖੇਗਾ ।’ 53ਕੀ ਤੂੰ ਸਾਡੇ ਪਿਤਾ ਅਬਰਾਹਾਮ ਤੋਂ ਵੀ ਵੱਡਾ ਹੈਂ ਜਿਹੜਾ ਮਰ ਚੁੱਕਾ ਹੈ ? ਅਤੇ ਨਬੀ ਵੀ ਮਰ ਚੁੱਕੇ ਹਨ । ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈਂ ?” 54ਯਿਸੂ ਨੇ ਉੱਤਰ ਦਿੱਤਾ, “ਜੇਕਰ ਮੈਂ ਆਪਣੀ ਵਡਿਆਈ ਆਪ ਕਰਾਂ ਤਾਂ ਮੇਰੀ ਵਡਿਆਈ ਕੁਝ ਵੀ ਨਹੀਂ । ਇਹ ਮੇਰੇ ਪਿਤਾ ਹਨ ਜਿਹੜੇ ਮੇਰੀ ਵਡਿਆਈ ਕਰਦੇ ਹਨ ਜਿਹਨਾਂ ਨੂੰ ਤੁਸੀਂ ਆਪਣੇ ਪਰਮੇਸ਼ਰ ਕਹਿੰਦੇ ਹੋ । 55ਤੁਸੀਂ ਉਹਨਾਂ ਨੂੰ ਨਹੀਂ ਜਾਣਦੇ ਪਰ ਮੈਂ ਉਹਨਾਂ ਨੂੰ ਜਾਣਦਾ ਹਾਂ । ਇਸ ਲਈ ਜੇਕਰ ਮੈਂ ਇਹ ਕਹਾਂ ਕਿ ਮੈਂ ਉਹਨਾਂ ਨੂੰ ਨਹੀਂ ਜਾਣਦਾ ਤਾਂ ਮੈਂ ਵੀ ਤੁਹਾਡੀ ਤਰ੍ਹਾਂ ਝੂਠਾ ਹੋਵਾਂਗਾ ਪਰ ਮੈਂ ਉਹਨਾਂ ਨੂੰ ਜਾਣਦਾ ਹਾਂ ਅਤੇ ਉਹਨਾਂ ਦੇ ਵਚਨ ਅਨੁਸਾਰ ਚੱਲਦਾ ਹਾਂ । 56ਤੁਹਾਡਾ ਪਿਤਾ ਅਬਰਾਹਾਮ ਮੇਰੇ ਆਉਣ ਵਾਲੇ ਦਿਨ ਨੂੰ ਦੇਖ ਕੇ ਖ਼ੁਸ਼ ਹੋ ਗਿਆ । ਉਸ ਨੇ ਦੇਖਿਆ ਅਤੇ ਅਨੰਦ ਮਨਾਇਆ ।” 57ਯਹੂਦੀਆਂ ਨੇ ਯਿਸੂ ਨੂੰ ਕਿਹਾ, “ਤੂੰ ਤਾਂ ਅਜੇ ਪੰਜਾਹ ਸਾਲਾਂ ਦਾ ਵੀ ਨਹੀਂ ਹੋਇਆ ਅਤੇ ਤੂੰ ਅਬਰਾਹਾਮ ਨੂੰ ਦੇਖਿਆ ਹੈ ?” 58#ਕੂਚ 3:14ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਅਬਰਾਹਾਮ ਦੇ ਪੈਦਾ ਹੋਣ ਤੋਂ ਪਹਿਲਾਂ ਮੈਂ ਹਾਂ !” 59ਤਦ ਲੋਕਾਂ ਨੇ ਯਿਸੂ ਨੂੰ ਮਾਰਨ ਲਈ ਪੱਥਰ ਚੁੱਕੇ ਪਰ ਯਿਸੂ ਆਪਣੇ ਆਪ ਨੂੰ ਲੁਕਾਉਂਦੇ ਹੋਏ ਹੈਕਲ ਵਿੱਚੋਂ ਬਾਹਰ ਨਿੱਕਲ ਗਏ ।

Àwon tá yàn lọ́wọ́lọ́wọ́ báyìí:

ਯੂਹੰਨਾ 8: CL-NA

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀