ਮੱਤੀ 4

4
ਪ੍ਰਭੂ ਯਿਸੂ ਦਾ ਪਰਤਾਇਆ ਜਾਣਾ
(ਮਰਕੁਸ 1:12-13, ਲੂਕਾ 4:1-13)
1 # ਇਬ 2:18, 4:15 ਫਿਰ ਆਤਮਾ ਯਿਸੂ ਨੂੰ ਉਜਾੜ ਵਿੱਚ ਲੈ ਗਿਆ ਕਿ ਸ਼ੈਤਾਨ ਉਹਨਾਂ ਨੂੰ ਪਰਤਾਵੇ । 2ਚਾਲੀ ਦਿਨ ਅਤੇ ਚਾਲੀ ਰਾਤ ਵਰਤ ਰੱਖਣ ਦੇ ਬਾਅਦ ਯਿਸੂ ਨੂੰ ਭੁੱਖ ਲੱਗੀ । 3ਉਸ ਸਮੇਂ ਸ਼ੈਤਾਨ ਨੇ ਆ ਕੇ ਉਹਨਾਂ ਨੂੰ ਕਿਹਾ, “ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਇਹਨਾਂ ਪੱਥਰਾਂ ਨੂੰ ਕਹਿ ਕਿ ਇਹ ਰੋਟੀਆਂ ਬਣ ਜਾਣ ।” 4#ਵਿਵ 8:3ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ,
‘ਮਨੁੱਖ ਕੇਵਲ ਰੋਟੀ ਨਾਲ ਹੀ ਜਿਊਂਦਾ ਨਹੀਂ ਰਹੇਗਾ,
ਸਗੋਂ ਪਰਮੇਸ਼ਰ ਦੇ ਮੂੰਹ ਵਿੱਚੋਂ ਨਿਕਲਣ
ਵਾਲੇ ਹਰ ਸ਼ਬਦ ਨਾਲ ਜਿਊਂਦਾ ਰਹੇਗਾ ।’”
5ਫਿਰ ਸ਼ੈਤਾਨ ਯਿਸੂ ਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਲੈ ਗਿਆ । ਉੱਥੇ ਉਸ ਨੇ ਯਿਸੂ ਨੂੰ ਹੈਕਲ ਦੇ ਸਭ ਤੋਂ ਉੱਚੇ ਸਿਖਰ ਉੱਤੇ ਖੜ੍ਹਾ ਕਰ ਦਿੱਤਾ 6#ਭਜਨ 91:11-12ਅਤੇ ਕਿਹਾ, “ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਆਪਣੇ ਆਪ ਨੂੰ ਇੱਥੋਂ ਹੇਠਾਂ ਸੁੱਟ ਦੇ । ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ,
‘ਪਰਮੇਸ਼ਰ ਆਪਣੇ ਸਵਰਗਦੂਤਾਂ ਨੂੰ ਤੁਹਾਡੇ ਬਾਰੇ ਹੁਕਮ ਦੇਣਗੇ
ਉਹ ਤੁਹਾਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ,
ਕਿ ਤੁਹਾਡੇ ਪੈਰਾਂ ਨੂੰ ਵੀ ਸੱਟ ਨਾ ਲੱਗੇ ।’”
7 # ਵਿਵ 6:16 ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਪਵਿੱਤਰ-ਗ੍ਰੰਥ ਵਿੱਚ ਇਹ ਵੀ ਲਿਖਿਆ ਹੋਇਆ ਹੈ,
‘ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਨਾ ਪਰਖ ।’”
8ਫਿਰ ਸ਼ੈਤਾਨ ਯਿਸੂ ਨੂੰ ਇੱਕ ਬਹੁਤ ਉੱਚੇ ਪਹਾੜ ਉੱਤੇ ਲੈ ਗਿਆ । ਉੱਥੇ ਉਸ ਨੇ ਯਿਸੂ ਨੂੰ ਸੰਸਾਰ ਦੇ ਸਾਰੇ ਰਾਜ ਅਤੇ ਉਹਨਾਂ ਦੀ ਸ਼ਾਨ ਦਿਖਾਈ । 9ਸ਼ੈਤਾਨ ਨੇ ਕਿਹਾ, “ਇਹ ਸਭ ਕੁਝ ਮੈਂ ਤੈਨੂੰ ਦੇ ਦੇਵਾਂਗਾ ਜੇਕਰ ਤੂੰ ਝੁੱਕ ਕੇ ਮੇਰੀ ਭਗਤੀ ਕਰੇਂ ।” 10#ਵਿਵ 6:13ਪਰ ਯਿਸੂ ਨੇ ਸ਼ੈਤਾਨ ਨੂੰ ਉੱਤਰ ਦਿੱਤਾ, “ਸ਼ੈਤਾਨ, ਮੇਰੇ ਕੋਲੋਂ ਦੂਰ ਹੋ ਜਾ ! ਕਿਉਂਕਿ ਪਵਿੱਤਰ-ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ,
‘ਤੂੰ ਆਪਣੇ ਪ੍ਰਭੂ ਪਰਮੇਸ਼ਰ ਦੀ ਹੀ ਭਗਤੀ ਕਰ,
ਅਤੇ ਕੇਵਲ ਉਹਨਾਂ ਦੀ ਹੀ ਸੇਵਾ ਕਰ ।’”
11ਇਸ ਦੇ ਬਾਅਦ ਸ਼ੈਤਾਨ ਉਹਨਾਂ ਕੋਲੋਂ ਚਲਾ ਗਿਆ । ਫਿਰ ਉੱਥੇ ਸਵਰਗਦੂਤ ਆ ਗਏ ਜਿਹਨਾਂ ਨੇ ਯਿਸੂ ਦੀ ਸੇਵਾ ਕੀਤੀ ।
ਗਲੀਲ ਦੇ ਇਲਾਕੇ ਵਿੱਚ ਪ੍ਰਭੂ ਯਿਸੂ ਦੇ ਪ੍ਰਚਾਰ ਦਾ ਆਰੰਭ
(ਮਰਕੁਸ 1:14-15, ਲੂਕਾ 4:14-15)
12 # ਮੱਤੀ 14:3, ਮਰ 6:17, ਲੂਕਾ 3:19-20 ਜਦੋਂ ਯਿਸੂ ਨੂੰ ਪਤਾ ਲੱਗਾ ਕਿ ਯੂਹੰਨਾ ਨੂੰ ਕੈਦ ਕਰ ਦਿੱਤਾ ਗਿਆ ਹੈ ਤਾਂ ਉਹ ਗਲੀਲ ਨੂੰ ਚਲੇ ਗਏ । 13#ਯੂਹ 2:12ਉਹ ਨਾਸਰਤ ਸ਼ਹਿਰ ਵਿੱਚ ਨਾ ਠਹਿਰੇ ਸਗੋਂ ਗਲੀਲ ਝੀਲ ਦੇ ਕਿਨਾਰੇ ਦੇ ਸ਼ਹਿਰ ਕਫ਼ਰਨਾਹੂਮ ਵਿੱਚ ਜਾ ਵਸੇ ਜਿਹੜਾ ਜ਼ਬੂਲੂਨ ਅਤੇ ਨਫ਼ਤਾਲੀ ਦੇ ਇਲਾਕਿਆਂ ਵਿੱਚ ਹੈ । 14ਇਹ ਇਸ ਲਈ ਹੋਇਆ ਕਿ ਯਸਾਯਾਹ ਨਬੀ ਦੁਆਰਾ ਕਿਹਾ ਗਿਆ ਵਚਨ ਪੂਰਾ ਹੋਵੇ,
15 # ਯਸਾ 9:1-2 “ਜ਼ਬੂਲੂਨ ਦੀ ਧਰਤੀ, ਨਫ਼ਤਾਲੀ ਦੀ ਧਰਤੀ,
ਸਾਗਰ ਵੱਲ ਜਾਂਦੇ ਰਾਹ ਨੂੰ,
ਯਰਦਨ ਦੇ ਪਾਰ ਗਲੀਲ ਜਿੱਥੇ ਪਰਾਈਆਂ ਕੌਮਾਂ ਰਹਿੰਦੀਆਂ ਹਨ !
16ਉਹ ਲੋਕ ਜਿਹੜੇ ਹਨੇਰੇ ਵਿੱਚ ਰਹਿ ਰਹੇ ਹਨ,
ਇੱਕ ਵੱਡਾ ਚਾਨਣ ਦੇਖਣਗੇ ।
ਉਹਨਾਂ ਉੱਤੇ ਜਿਹੜੇ ਮੌਤ ਦੀ ਹਨੇਰੀ ਧਰਤੀ ਉੱਤੇ ਰਹਿੰਦੇ ਹਨ,
ਇੱਕ ਚਾਨਣ ਚਮਕੇਗਾ ।”
17 # ਮੱਤੀ 3:2 ਉਸ ਸਮੇਂ ਤੋਂ ਯਿਸੂ ਨੇ ਇਹ ਕਹਿ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ, “ਤੋਬਾ ਕਰੋ ਕਿਉਂਕਿ ਪਰਮੇਸ਼ਰ ਦਾ ਰਾਜ ਨੇੜੇ ਆ ਗਿਆ ਹੈ !”
ਪ੍ਰਭੂ ਯਿਸੂ ਚਾਰ ਮਛੇਰਿਆਂ ਨੂੰ ਸੱਦਦੇ ਹਨ
(ਮਰਕੁਸ 1:16-20, ਲੂਕਾ 5:1-11)
18ਜਦੋਂ ਯਿਸੂ ਗਲੀਲ ਦੀ ਝੀਲ ਦੇ ਕੰਢੇ ਉੱਤੇ ਜਾ ਰਹੇ ਸਨ ਤਾਂ ਉਹਨਾਂ ਨੇ ਦੋ ਭਰਾਵਾਂ ਨੂੰ ਝੀਲ ਵਿੱਚੋਂ ਜਾਲ ਨਾਲ ਮੱਛੀਆਂ ਫੜਦੇ ਦੇਖਿਆ । ਉਹ ਦੋਵੇਂ, ਸ਼ਮਊਨ (ਜਿਹੜਾ ਪਤਰਸ ਅਖਵਾਉਂਦਾ ਹੈ) ਅਤੇ ਉਸ ਦਾ ਭਰਾ ਅੰਦ੍ਰਿਯਾਸ ਸਨ । 19ਯਿਸੂ ਨੇ ਉਹਨਾਂ ਭਰਾਵਾਂ ਨੂੰ ਕਿਹਾ, “ਮੇਰੇ ਪਿੱਛੇ ਆਓ, ਮੈਂ ਤੁਹਾਨੂੰ ਮਨੁੱਖਾਂ ਦੇ ਫੜਨ ਵਾਲੇ ਬਣਾਵਾਂਗਾ ।” 20ਉਹ ਦੋਵੇਂ ਆਪਣੇ ਜਾਲਾਂ ਨੂੰ ਛੱਡ ਕੇ ਉਹਨਾਂ ਦੇ ਚੇਲੇ ਬਣ ਗਏ ।
21ਉਹ ਥੋੜ੍ਹਾ ਅੱਗੇ ਵੱਧੇ ਤਾਂ ਉਹਨਾਂ ਨੇ ਦੋ ਹੋਰ ਭਰਾਵਾਂ, ਯਾਕੂਬ ਅਤੇ ਯੂਹੰਨਾ ਨੂੰ ਦੇਖਿਆ ਜਿਹੜੇ ਜ਼ਬਦੀ ਦੇ ਪੁੱਤਰ ਸਨ । ਉਹ ਦੋਵੇਂ ਕਿਸ਼ਤੀ ਵਿੱਚ ਆਪਣੇ ਪਿਤਾ ਜ਼ਬਦੀ ਨਾਲ ਆਪਣੇ ਜਾਲਾਂ ਦੀ ਮੁਰੰਮਤ ਕਰ ਰਹੇ ਸਨ । ਯਿਸੂ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ । 22ਉਹ ਦੋਵੇਂ ਭਰਾ ਵੀ ਉਸੇ ਸਮੇਂ ਕਿਸ਼ਤੀ ਅਤੇ ਆਪਣੇ ਪਿਤਾ ਨੂੰ ਛੱਡ ਕੇ ਯਿਸੂ ਦੇ ਚੇਲੇ ਬਣ ਗਏ ।
ਸਿੱਖਿਆ, ਪ੍ਰਚਾਰ ਅਤੇ ਬਿਮਾਰਾਂ ਨੂੰ ਚੰਗਾ ਕਰਨਾ
(ਲੂਕਾ 6:17-19)
23 # ਮੱਤੀ 9:35, ਮਰ 1:39 ਯਿਸੂ ਸਾਰੇ ਗਲੀਲ ਵਿੱਚ ਗਏ । ਉਹ ਉਹਨਾਂ ਦੇ ਪ੍ਰਾਰਥਨਾ ਘਰਾਂ ਵਿੱਚ ਸਿੱਖਿਆ ਦਿੰਦੇ, ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਉਂਦੇ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕਮਜ਼ੋਰੀਆਂ ਤੋਂ ਚੰਗਾ ਕਰਦੇ ਰਹੇ । 24ਇਸ ਤਰ੍ਹਾਂ ਯਿਸੂ ਸਾਰੇ ਸੀਰੀਯਾ ਵਿੱਚ ਪ੍ਰਸਿੱਧ ਹੋ ਗਏ । ਇਸ ਲਈ ਲੋਕ ਹਰ ਤਰ੍ਹਾਂ ਦੇ ਬਿਮਾਰਾਂ ਅਤੇ ਪੀੜਤਾਂ ਨੂੰ, ਅਸ਼ੁੱਧ ਆਤਮਾਵਾਂ ਵਾਲੇ ਲੋਕਾਂ ਨੂੰ, ਮਿਰਗੀ ਵਾਲਿਆਂ ਨੂੰ ਅਤੇ ਅਧਰੰਗੀਆਂ ਨੂੰ ਉਹਨਾਂ ਦੇ ਕੋਲ ਲਿਆਏ । ਯਿਸੂ ਨੇ ਉਹਨਾਂ ਸਾਰਿਆਂ ਨੂੰ ਚੰਗਾ ਕਰ ਦਿੱਤਾ । 25ਇਸ ਲਈ ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡੀ ਭੀੜ ਲੱਗ ਗਈ ਜਿਹੜੀ ਗਲੀਲ, ਦਸ ਸ਼ਹਿਰ#4:25 ਮੂਲ ਭਾਸ਼ਾ ਵਿੱਚ ਇੱਥੇ ‘ਦਿਕਾਪੁਲਿਸ’ ਹੈ ।, ਯਰੂਸ਼ਲਮ, ਯਹੂਦਿਯਾ ਅਤੇ ਯਰਦਨ ਦੇ ਦੂਜੇ ਪਾਸੇ ਤੋਂ ਸੀ ।

Àwon tá yàn lọ́wọ́lọ́wọ́ báyìí:

ਮੱਤੀ 4: CL-NA

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀