YouVersion 標識
搜索圖示

ਮੱਤੀ 2

2
ਪੂਰਬ ਦੇ ਜੋਤਸ਼ੀਆਂ ਦਾ ਦਰਸ਼ਨ ਲਈ ਆਉਣਾ#2:1 ਮਜੂਸੀ
1ਯਿਸੂ ਦਾ ਜਨਮ ਯਹੂਦਾ ਦੇਸ਼ ਦੇ ਇੱਕ ਸ਼ਹਿਰ ਬੈਤਲਹਮ ਵਿੱਚ ਹੋਇਆ । ਉਸ ਸਮੇਂ ਯਹੂਦਾ ਦੇਸ਼ ਉੱਤੇ ਰਾਜਾ ਹੇਰੋਦੇਸ ਰਾਜ ਕਰਦਾ ਸੀ । ਯਿਸੂ ਦੇ ਜਨਮ ਦੇ ਕੁਝ ਸਮੇਂ ਬਾਅਦ ਪੂਰਬ ਤੋਂ ਤਾਰਿਆਂ ਦਾ ਗਿਆਨ ਰੱਖਣ ਵਾਲੇ ਕੁਝ ਜੋਤਸ਼ੀ ਯਰੂਸ਼ਲਮ ਵਿੱਚ ਆਏ 2ਅਤੇ ਪੁੱਛਣ ਲੱਗੇ, “ਯਹੂਦੀਆਂ ਦੇ ਨਵਜਨਮੇ ਰਾਜਾ ਕਿੱਥੇ ਹਨ ? ਅਸੀਂ ਉਹਨਾਂ ਦਾ ਤਾਰਾ ਪੂਰਬ ਵਿੱਚ ਚੜ੍ਹਿਆ ਦੇਖਿਆ ਹੈ ਅਤੇ ਅਸੀਂ ਉਹਨਾਂ ਨੂੰ ਮੱਥਾ ਟੇਕਣ ਦੇ ਲਈ ਆਏ ਹਾਂ ।” 3ਜਦੋਂ ਹੇਰੋਦੇਸ ਰਾਜਾ ਨੇ ਇਹ ਸੁਣਿਆ ਤਾਂ ਉਹ ਅਤੇ ਉਸ ਦੇ ਨਾਲ ਸਾਰੇ ਯਰੂਸ਼ਲਮ ਸ਼ਹਿਰ ਦੇ ਲੋਕ ਬਹੁਤ ਘਬਰਾ ਗਏ । 4ਤਦ ਹੇਰੋਦੇਸ ਨੇ ਯਹੂਦੀਆਂ ਦੇ ਸਭ ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੂੰ ਸੱਦ ਕੇ ਉਹਨਾਂ ਤੋਂ ਪੁੱਛਿਆ, “ਮਸੀਹ ਦਾ ਜਨਮ ਕਿੱਥੇ ਹੋਵੇਗਾ ?” 5ਉਹਨਾਂ ਨੇ ਉੱਤਰ ਦਿੱਤਾ, “ਯਹੂਦੀਯਾ ਦੇ ਸ਼ਹਿਰ ਬੈਤਲਹਮ ਵਿੱਚ ।” ਇਸ ਦੇ ਬਾਰੇ ਨਬੀ ਨੇ ਇਸ ਤਰ੍ਹਾਂ ਲਿਖਿਆ ਹੈ,
6 # ਮੀਕਾ 5:2 “ਹੇ ਬੈਤਲਹਮ, ਯਹੂਦਾ ਦੇਸ਼ ਦੇ ਸ਼ਹਿਰ,
ਤੂੰ ਯਹੂਦਾ ਦੇ ਹਾਕਮਾਂ ਵਿੱਚੋਂ ਕਿਸੇ ਨਾਲੋਂ ਛੋਟਾ ਨਹੀਂ ਹੈਂ,
ਕਿਉਂਕਿ ਤੇਰੇ ਵਿੱਚੋਂ ਇੱਕ ਹਾਕਮ ਪੈਦਾ ਹੋਵੇਗਾ,
ਜਿਹੜਾ ਮੇਰੇ ਲੋਕਾਂ, ਇਸਰਾਏਲ ਦੀ ਅਗਵਾਈ ਕਰੇਗਾ ।”
7ਇਸ ਲਈ ਹੇਰੋਦੇਸ ਨੇ ਜੋਤਸ਼ੀਆਂ ਨੂੰ ਗੁਪਤ ਸਭਾ ਵਿੱਚ ਸੱਦ ਕੇ ਇਹ ਪੁੱਛਿਆ ਕਿ ਤਾਰਾ ਠੀਕ ਕਿਸ ਸਮੇਂ ਦਿਖਾਈ ਦਿੱਤਾ ਸੀ । 8ਫਿਰ ਉਹਨਾਂ ਨੂੰ ਇਹ ਕਹਿ ਕੇ ਬੈਤਲਹਮ ਵੱਲ ਵਿਦਾ ਕੀਤਾ, “ਜਾਓ ਅਤੇ ਬੱਚੇ ਦੇ ਬਾਰੇ ਠੀਕ ਠੀਕ ਪਤਾ ਕਰੋ । ਜਦੋਂ ਉਹ ਮਿਲ ਜਾਵੇ ਤਾਂ ਮੈਨੂੰ ਆ ਕੇ ਖ਼ਬਰ ਦੇਣਾ ਤਾਂ ਜੋ ਮੈਂ ਵੀ ਜਾ ਕੇ ਉਸ ਨੂੰ ਮੱਥਾ ਟੇਕਾਂ ।” 9ਰਾਜਾ ਦੀ ਗੱਲ ਸੁਣ ਕੇ ਉਹ ਚਲੇ ਗਏ । ਰਾਹ ਵਿੱਚ ਫਿਰ ਉਹਨਾਂ ਨੇ ਉਹ ਹੀ ਤਾਰਾ ਦੇਖਿਆ ਜਿਹੜਾ ਉਹਨਾਂ ਨੇ ਪੂਰਬ ਵਿੱਚ ਦੇਖਿਆ ਸੀ । ਉਹ ਤਾਰਾ ਉਹਨਾਂ ਦੇ ਅੱਗੇ ਅੱਗੇ ਚੱਲਿਆ ਅਤੇ ਜਿੱਥੇ ਬੱਚਾ ਸੀ, ਉਸ ਥਾਂ ਦੇ ਉੱਤੇ ਜਾ ਕੇ ਠਹਿਰ ਗਿਆ । 10ਉਹ ਉਸ ਤਾਰੇ ਨੂੰ ਦੇਖ ਕੇ ਬਹੁਤ ਖ਼ੁਸ਼ ਹੋਏ । 11ਫਿਰ ਉਹ ਘਰ ਦੇ ਅੰਦਰ ਗਏ ਅਤੇ ਬੱਚੇ ਨੂੰ ਉਸ ਦੀ ਮਾਂ ਮਰੀਅਮ ਨਾਲ ਦੇਖਿਆ । ਉਹਨਾਂ ਨੇ ਝੁੱਕ ਕੇ ਬੱਚੇ ਦੇ ਸਾਹਮਣੇ ਮੱਥਾ ਟੇਕਿਆ ਅਤੇ ਆਪਣਾ ਆਪਣਾ ਥੈਲਾ ਖੋਲ੍ਹ ਕੇ ਉਹਨਾਂ ਨੂੰ ਸੋਨਾ, ਧੂਪ ਅਤੇ ਗੰਧਰਸ ਭੇਂਟ ਕੀਤੇ ।
12ਫਿਰ ਪਰਮੇਸ਼ਰ ਵੱਲੋਂ ਸੁਪਨੇ ਵਿੱਚ ਚਿਤਾਵਨੀ ਪਾ ਕੇ ਕਿ ਹੇਰੋਦੇਸ ਕੋਲ ਮੁੜ ਕੇ ਨਾ ਜਾਣਾ, ਉਹ ਆਪਣੇ ਆਪਣੇ ਦੇਸ਼ ਨੂੰ ਦੂਜੇ ਰਾਹ ਤੋਂ ਵਾਪਸ ਚਲੇ ਗਏ ।
ਮਿਸਰ ਦੇਸ਼ ਨੂੰ ਜਾਣਾ
13ਉਹਨਾਂ ਦੇ ਚਲੇ ਜਾਣ ਤੋਂ ਬਾਅਦ ਪ੍ਰਭੂ ਦੇ ਇੱਕ ਸਵਰਗਦੂਤ ਨੇ ਯੂਸਫ਼ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ, “ਉੱਠ, ਬੱਚੇ ਅਤੇ ਉਸ ਦੀ ਮਾਂ ਨੂੰ ਨਾਲ ਲੈ ਕੇ ਮਿਸਰ ਦੇਸ਼ ਨੂੰ ਚਲਾ ਜਾ ਅਤੇ ਜਦੋਂ ਤੱਕ ਮੈਂ ਨਾ ਕਹਾਂ, ਉੱਥੇ ਹੀ ਰਹਿਣਾ ਕਿਉਂਕਿ ਹੇਰੋਦੇਸ ਇਸ ਬੱਚੇ ਦੀ ਖੋਜ ਕਰੇਗਾ ਕਿ ਇਸ ਨੂੰ ਮਾਰ ਦੇਵੇ ।” 14ਇਸ ਲਈ ਯੂਸਫ਼ ਰਾਤ ਨੂੰ ਹੀ ਉੱਠਿਆ, ਬੱਚੇ ਅਤੇ ਉਸ ਦੀ ਮਾਂ ਨੂੰ ਲੈ ਕੇ ਮਿਸਰ ਨੂੰ ਚਲਾ ਗਿਆ । 15#ਹੋਸ਼ੇ 11:1ਉੱਥੇ ਉਹ ਹੇਰੋਦੇਸ ਦੀ ਮੌਤ ਤੱਕ ਰਿਹਾ ।
ਇਹ ਇਸ ਲਈ ਹੋਇਆ ਕਿ ਪ੍ਰਭੂ ਦੇ ਨਬੀ ਰਾਹੀਂ ਕਿਹਾ ਹੋਇਆ ਇਹ ਵਚਨ ਪੂਰਾ ਹੋਵੇ, “ਮੈਂ ਮਿਸਰ ਦੇਸ਼ ਤੋਂ ਆਪਣੇ ਪੁੱਤਰ ਨੂੰ ਸੱਦਿਆ ।”
ਛੋਟੇ ਲੜਕਿਆਂ ਦਾ ਕਤਲ
16ਜਦੋਂ ਹੇਰੋਦੇਸ ਨੇ ਦੇਖਿਆ ਕਿ ਜੋਤਸ਼ੀਆਂ ਨੇ ਉਸ ਨੂੰ ਮੂਰਖ ਬਣਾਇਆ ਹੈ ਤਾਂ ਉਹ ਬਹੁਤ ਗੁੱਸੇ ਵਿੱਚ ਆਇਆ । ਇਸ ਲਈ ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਬੈਤਲਹਮ ਅਤੇ ਉਸ ਦੇ ਆਲੇ-ਦੁਆਲੇ ਦੇ ਸਾਰੇ ਲੜਕਿਆਂ ਨੂੰ ਮਾਰ ਦਿੱਤਾ ਜਾਵੇ ਜਿਹੜੇ ਜੋਤਸ਼ੀਆਂ ਦੇ ਦੱਸੇ ਅਨੁਸਾਰ ਦੋ ਸਾਲ ਦੀ ਉਮਰ ਦੇ ਜਾਂ ਉਸ ਤੋਂ ਛੋਟੇ ਸਨ ।
17ਇਸ ਤਰ੍ਹਾਂ ਯਿਰਮਿਯਾਹ ਨਬੀ ਦਾ ਕਿਹਾ ਹੋਇਆ ਇਹ ਵਚਨ ਸੱਚਾ ਸਿੱਧ ਹੋਇਆ ਹੈ,
18 # ਯਿਰ 31:15 “ਇੱਕ ਆਵਾਜ਼ ਰਾਮਾਹ ਸ਼ਹਿਰ ਵਿੱਚੋਂ ਆ ਰਹੀ ਹੈ,
ਆਵਾਜ਼ ਜੋ ਕਿ ਰੋਣ ਅਤੇ ਘੋਰ ਵਿਰਲਾਪ ਦੀ ਹੈ ।
ਰਾਖ਼ੇਲ ਆਪਣੇ ਬੱਚਿਆਂ ਲਈ ਰੋ ਰਹੀ ਹੈ,
ਅਤੇ ਤਸੱਲੀ ਨਹੀਂ ਚਾਹੁੰਦੀ,
ਕਿਉਂਕਿ ਉਹ ਸਾਰੇ ਕਤਲ ਕੀਤੇ ਜਾ ਚੁੱਕੇ ਹਨ ।”
ਮਿਸਰ ਦੇਸ਼ ਤੋਂ ਵਾਪਸੀ
19ਰਾਜਾ ਹੇਰੋਦੇਸ ਦੀ ਮੌਤ ਦੇ ਬਾਅਦ ਪ੍ਰਭੂ ਦੇ ਇੱਕ ਸਵਰਗਦੂਤ ਨੇ ਮਿਸਰ ਵਿੱਚ ਯੂਸਫ਼ ਨੂੰ ਸੁਪਨੇ ਵਿੱਚ ਦਰਸ਼ਨ ਦਿੱਤਾ 20ਅਤੇ ਕਿਹਾ, “ਉੱਠ, ਬੱਚੇ ਅਤੇ ਉਸ ਦੀ ਮਾਂ ਨੂੰ ਨਾਲ ਲੈ ਅਤੇ ਇਸਰਾਏਲ ਦੇਸ਼ ਨੂੰ ਵਾਪਸ ਚਲਾ ਜਾ ਕਿਉਂਕਿ ਜਿਹੜੇ ਬੱਚੇ ਨੂੰ ਮਾਰਨਾ ਚਾਹੁੰਦੇ ਸਨ, ਉਹ ਮਰ ਚੁੱਕੇ ਹਨ ।” 21ਇਸ ਲਈ ਯੂਸਫ਼ ਉੱਠਿਆ, ਬੱਚੇ ਅਤੇ ਉਸ ਦੀ ਮਾਂ ਨੂੰ ਨਾਲ ਲੈ ਕੇ ਇਸਰਾਏਲ ਦੇਸ਼ ਨੂੰ ਵਾਪਸ ਚਲਾ ਗਿਆ ।
22ਪਰ ਜਦੋਂ ਉਸ ਨੇ ਸੁਣਿਆ ਕਿ ਅਰਖਿਲਾਊਸ ਆਪਣੇ ਪਿਤਾ ਦੀ ਥਾਂ ਯਹੂਦੀਯਾ#2:22 ਇਲਾਕੇ ਦਾ ਨਾਮ ਦਾ ਰਾਜਾ ਬਣਿਆ ਹੈ ਤਾਂ ਉਹ ਉੱਥੇ ਜਾਣ ਤੋਂ ਡਰਿਆ । ਇਸ ਲਈ ਉਹ ਸੁਪਨੇ ਰਾਹੀਂ ਹੋਰ ਚਿਤਾਵਨੀ ਪਾ ਕੇ ਗਲੀਲ ਦੇ ਇਲਾਕੇ ਵਿੱਚ ਚਲਾ ਗਿਆ । 23#ਮਰ 1:24, ਲੂਕਾ 2:39, ਯੂਹ 1:45ਇੱਥੇ ਉਹ ਨਾਸਰਤ ਨਾਂ ਦੇ ਇੱਕ ਸ਼ਹਿਰ ਵਿੱਚ ਵੱਸ ਗਿਆ ਕਿ ਨਬੀਆਂ ਦਾ ਇਹ ਵਚਨ ਪੂਰਾ ਹੋਵੇ, “ਉਹ ਨਾਸਰੀ ਅਖਵਾਏਗਾ ।”

目前選定:

ਮੱਤੀ 2: CL-NA

醒目顯示

分享

複製

None

想要在所有設備上保存你的醒目顯示嗎? 註冊或登入