ਉਤਪਤ 1

1
ਦੁਨੀਆਂ ਦੀ ਸ਼ੁਰੂਆਤ
1ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ। 2ਪਹਿਲਾਂ ਧਰਤੀ ਬਿਲਕੁਲ ਸੱਖਣੀ ਸੀ; ਧਰਤੀ ਉੱਤੇ ਕੁਝ ਵੀ ਨਹੀਂ ਸੀ। ਹਨੇਰੇ ਨੇ ਸਮੁੰਦਰ ਨੂੰ ਕੱਜਿਆ ਹੋਇਆ ਸੀ, ਅਤੇ ਪਰਮੇਸ਼ੁਰ ਦਾ ਆਤਮਾ ਪਾਣੀ ਉੱਤੇ ਚੱਲਦਾ ਸੀ।
ਪਹਿਲਾ ਦਿਨ—ਰੌਸ਼ਨੀ
3ਫ਼ੇਰ ਪਰਮੇਸ਼ੁਰ ਨੇ ਆਖਿਆ, “ਰੌਸ਼ਨੀ ਹੋ ਜਾਵੇ!” ਅਤੇ ਰੌਸ਼ਨੀ ਚਮਕਣ ਲੱਗੀ। 4ਪਰਮੇਸ਼ੁਰ ਨੇ ਰੋਸ਼ਨੀ ਨੂੰ ਵੇਖਿਆ, ਅਤੇ ਉਸ ਨੇ ਜਾਣਿਆ ਕਿ ਉਹ ਚੰਗੀ ਸੀ। ਫ਼ੇਰ ਪਰਮੇਸ਼ੁਰ ਨੇ ਰੋਸ਼ਨੀ ਨੂੰ ਹਨੇਰੇ ਤੋਂ ਵੱਖ ਕੀਤਾ। 5ਪਰਮੇਸ਼ੁਰ ਨੇ ਰੋਸ਼ਨੀ ਨੂੰ “ਦਿਨ” ਦਾ ਨਾਮ ਦਿੱਤਾ, ਅਤੇ ਹਨੇਰੇ ਨੂੰ “ਰਾਤ” ਦਾ ਨਾਮ ਦਿੱਤਾ।
ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋਈ। ਇਹ ਪਹਿਲਾ ਦਿਨ ਸੀ।
ਦੂਸਰਾ ਦਿਨ—ਅਕਾਸ਼
6ਫ਼ੇਰ ਪਰਮੇਸ਼ੁਰ ਨੇ ਆਖਿਆ, “ਪਾਣੀ ਨੂੰ ਦੋ ਹਿੱਸਿਆਂ ਵਿੱਚ ਵੰਡਣ ਲਈ ਵਾਯੂਮੰਡਲ ਹੋਵੇ!” 7ਇਸ ਲਈ ਪਰਮੇਸ਼ੁਰ ਨੇ ਵਾਯੂਮੰਡਲ ਸਾਜਿਆ ਅਤੇ ਵਾਯੂਮੰਡਲ ਦੇ ਹੇਠਲੇ ਪਾਣੀ ਨੂੰ ਵਾਯੂਮੰਡਲ ਦੇ ਉੱਪਰ ਪਾਣੀ ਤੋਂ ਵੱਖ ਕੀਤਾ। ਇਹੀ ਕੁਝ ਵਾਪਰਿਆ। 8ਪਰਮੇਸ਼ੁਰ ਨੇ ਵਾਯੂਮੰਡਲ ਨੂੰ “ਅਕਾਸ਼” ਦਾ ਨਾਮ ਦਿੱਤਾ। ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋਈ। ਇਹ ਦੂਸਰਾ ਦਿਨ ਸੀ।
ਤੀਸਰਾ ਦਿਨ—ਖੁਸ਼ਕ ਜ਼ਮੀਨ ਅਤੇ ਪੌਦੇ
9ਫ਼ੇਰ ਪਰਮੇਸ਼ੁਰ ਨੇ ਆਖਿਆ, “ਅਕਾਸ਼ ਦੇ ਹੇਠਲਾ ਪਾਣੀ ਇੱਕ ਜਗ਼੍ਹਾ ਤੇ ਇਕੱਠਾ ਹੋ ਜਾਵੇ ਅਤੇ ਸੁੱਕੀ ਜ਼ਮੀਨ ਪ੍ਰਗਟ ਹੋਵੇ।” ਇਹੀ ਵਾਪਰਿਆ। 10ਪਰਮੇਸ਼ੁਰ ਨੇ ਖੁਸ਼ਕ ਜ਼ਮੀਨ ਨੂੰ “ਧਰਤੀ” ਦਾ ਨਾਮ ਦਿੱਤਾ। ਅਤੇ ਪਰਮੇਸ਼ੁਰ ਨੇ ਇਕੱਠੇ ਹੋਏ ਪਾਣੀ ਨੂੰ “ਸਮੁੰਦਰ” ਦਾ ਨਾਮ ਦਿੱਤਾ। ਪਰਮੇਸ਼ੁਰ ਨੇ ਦੇਖਿਆ ਕਿ ਇਹ ਚੰਗਾ ਸੀ।
11ਫ਼ੇਰ ਪਰਮੇਸ਼ੁਰ ਨੇ ਆਖਿਆ, “ਧਰਤੀ ਘਾਹ ਤੇ ਪੌਦੇ ਉਗਾਵੇ ਜਿਹੜੇ ਫ਼ਲਦਾਰ ਰੁੱਖ ਪੈਦਾ ਕਰਨ ਜਿਹੜੇ ਬੀਜਾਂ ਵਾਲੇ ਫ਼ਲ ਪੈਦਾ ਕਰਨ। ਉਹ ਧਰਤੀ ਉੱਤੇ ਉੱਗਣ ਅਤੇ ਆਪਣੀ ਕਿਸਮ ਅਨੁਸਾਰ ਬੀਜ ਪੈਦਾ ਕਰਨ। ਇਹੀ ਕੁਝ ਵਾਪਰਿਆ।” 12ਧਰਤੀ ਨੇ ਅਨਾਜ ਪੈਦਾ ਕਰਨ ਵਾਲਾ ਘਾਹ ਅਤੇ ਪੌਦੇ ਉਗਾਏ ਅਤੇ ਇਸ ਨੇ ਰੁੱਖ ਉਗਾਏ ਜਿਨ੍ਹਾਂ ਤੇ ਬੀਜਾਂ ਵਾਲੇ ਫ਼ਲ ਸਨ। ਹਰ ਪੌਦੇ ਨੇ ਆਪਣੀ ਕਿਸਮ ਦੇ ਬੀਜ ਬਣਾਏ। ਅਤੇ ਪਰਮੇਸ਼ੁਰ ਨੇ ਦੇਖਿਆ ਕਿ ਇਹ ਚੰਗਾ ਸੀ।
13ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋ ਗਈ। ਇਹ ਤੀਸਰਾ ਦਿਨ ਸੀ।
ਚੌਥਾ ਦਿਨ—ਸੂਰਜ ਚੰਨ ਅਤੇ ਤਾਰੇ
14ਫ਼ੇਰ ਪਰਮੇਸ਼ੁਰ ਨੇ ਆਖਿਆ, “ਰਾਤਾਂ ਨੂੰ ਦਿਨਾਂ ਨਾਲੋਂ ਵੱਖ ਕਰਨ ਲਈ ਅਕਾਸ਼ ਵਿੱਚ ਰੌਸ਼ਨੀਆਂ ਹੋਣ। ਇਹ ਰੌਸ਼ਨੀਆਂ ਪਰਬਾਂ ਦੀਆਂ ਰੁੱਤਾਂ ਅਤੇ ਦਿਨਾਂ ਅਤੇ ਸਾਲਾਂ ਲਈ ਸੰਕੇਤ ਹੋਣ। 15ਇਹ ਰੌਸ਼ਨੀਆਂ ਧਰਤੀ ਉੱਤੇ ਰੌਸ਼ਨੀ ਚਮਕਾਉਣ ਲਈ ਅਕਾਸ਼ ਵਿੱਚ ਹੋਣਗੀਆਂ।” ਅਤੇ ਇਹੀ ਵਾਪਰਿਆ।
16ਇਸ ਲਈ ਪਰਮੇਸ਼ੁਰ ਨੇ ਦੋ ਵਿਸ਼ਾਲ ਰੌਸ਼ਨੀਆਂ ਸਾਜੀਆਂ। ਪਰਮੇਸ਼ੁਰ ਨੇ ਦਿਨ ਤੇ ਹਕੂਮਤ ਕਰਨ ਲਈ ਵਿਸ਼ਾਲ ਰੌਸ਼ਨੀ ਅਤੇ ਰਾਤ ਉੱਤੇ ਹਕੂਮਤ ਕਰਨ ਲਈ ਛੋਟੀ ਰੌਸ਼ਨੀ ਦੀ ਸਾਜਨਾ ਕੀਤੀ। ਉਸ ਨੇ ਤਾਰੇ ਵੀ ਸਾਜੇ। 17ਪਰਮੇਸ਼ੁਰ ਨੇ ਇਨ੍ਹਾਂ ਰੌਸ਼ਨੀਆਂ ਨੂੰ ਧਰਤੀ ਉੱਤੇ ਚਮਕਣ ਲਈ ਅਕਾਸ਼ ਵਿੱਚ ਰੱਖ ਦਿੱਤਾ। 18ਪਰਮੇਸ਼ੁਰ ਨੇ ਇਨ੍ਹਾਂ ਰੌਸ਼ਨੀਆਂ ਨੂੰ ਦਿਨ ਅਤੇ ਰਾਤ ਉੱਤੇ ਹਕੂਮਤ ਕਰਨ ਲਈ ਅਕਾਸ਼ ਵਿੱਚ ਰੱਖ ਦਿੱਤਾ। ਇਨ੍ਹਾਂ ਰੌਸ਼ਨੀਆਂ ਨੇ ਰੌਸ਼ਨੀ ਨੂ ਹਨੇਰੇ ਨਾਲੋਂ ਵੱਖ ਕਰ ਦਿੱਤਾ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਸੀ।
19ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਚੌਥਾ ਦਿਨ ਸੀ।
ਪੰਜਵਾਂ ਦਿਨ—ਸਮੁੰਦਰੀ ਜੀਵ ਅਤੇ ਪੰਛੀ
20ਪਰਮੇਸ਼ੁਰ ਨੇ ਆਖਿਆ, “ਪਾਣੀ ਬਹੁਤ ਸਾਰੇ ਜੀਵਿਤ ਪ੍ਰਾਣੀਆਂ ਨਾਲ ਭਰ ਜਾਵੇ ਅਤੇ ਅਕਾਸ਼ ਦੇ ਵਾਯੂਮੰਡਲ ਦੇ ਆਰ-ਪਾਰ ਪੰਛੀ ਉੱਡਦੇ ਰਹਿਣ।” 21ਇਸ ਲਈ ਪਰਮੇਸ਼ੁਰ ਨੇ ਵਿਸ਼ਾਲ ਸਮੁੰਦਰੀ ਜਾਨਵਰਾਂ ਅਤੇ ਹਰ ਤਰ੍ਹਾਂ ਦੇ ਜੀਵਿਤ ਪ੍ਰਾਣੀਆਂ ਦੀ ਸਾਜਨਾ ਕੀਤੀ ਜੋ ਸਮੁੰਦਰ ਵਿੱਚ ਵਿੱਚਰਦੇ ਹਨ। ਪਰਮੇਸ਼ੁਰ ਨੇ ਅਕਾਸ਼ ਵਿੱਚ ਉੱਡਣ ਵਾਲੇ ਹਰ ਪ੍ਰਕਾਰ ਦੇ ਪੰਛੀਆਂ ਨੂੰ ਸਾਜਿਆ। ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਸੀ।
22ਪਰਮੇਸ਼ੁਰ ਨੇ ਇਨ੍ਹਾਂ ਜਾਨਵਰਾਂ ਨੂੰ ਅਸੀਸ ਦਿੱਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਸਾਰੇ ਬੱਚੇ ਪੈਦਾ ਕਰਨ ਅਤੇ ਸਮੁੰਦਰ ਨੂੰ ਭਰ ਦੇਣ ਲਈ ਆਖਿਆ ਅਤੇ ਪਰਮੇਸ਼ੁਰ ਨੇ ਧਰਤੀ ਉਤਲੇ ਪੰਛੀਆਂ ਨੂੰ ਹੋਰ ਅਨੇਕਾਂ ਪੰਛੀ ਪੈਦਾ ਕਰਨ ਲਈ ਆਖਿਆ।
23ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਪੰਜਵਾਂ ਦਿਨ ਸੀ।
ਛੇਵਾਂ ਦਿਨ—ਧਰਤੀ ਉਤਲੇ ਜਾਨਵਰ ਅਤੇ ਲੋਕ
24ਫ਼ੇਰ ਪਰਮੇਸ਼ੁਰ ਨੇ ਆਖਿਆ, “ਧਰਤੀ ਹਰ ਪ੍ਰਕਾਰ ਦੇ ਜੀਵਿਤ ਪ੍ਰਾਣੀਆਂ ਨੂੰ ਪੈਦਾ ਕਰੇ। ਇੱਥੇ ਹਰ ਪ੍ਰਕਾਰ ਦੇ ਪਾਲਤੂ ਅਤੇ ਰੀਂਗਣ ਵਾਲੇ ਜਾਨਵਰ ਅਤੇ ਜੰਗਲੀ ਜਾਨਵਰ ਹੋਣ।” ਇਹੀ ਕੁਝ ਵਾਪਰਿਆ।
25ਇਸ ਤਰ੍ਹਾਂ, ਪਰਮੇਸ਼ੁਰ ਨੇ ਹਰ ਤਰ੍ਹਾਂ ਦੇ ਜੰਗਲੀ ਜਾਨਵਰ, ਹਰ ਪ੍ਰਕਾਰ ਦੇ ਪਾਲਤੂ ਜਾਨਵਰ ਅਤੇ ਧਰਤੀ ਉੱਤੇ ਰੀਂਗਣ ਵਾਲੇ ਹਰ ਪ੍ਰਕਾਰ ਦੇ ਜਾਨਵਰਾਂ ਦੀ ਸਾਜਣਾ ਕੀਤੀ। ਪਰਮੇਸ਼ੁਰ ਨੇ ਵੇਖਿਆ ਇਹ ਚੰਗਾ ਸੀ।
26ਫ਼ੇਰ ਪਰਮੇਸ਼ੁਰ ਨੇ ਆਖਿਆ, “ਆਓ ਹੁਣ ਅਸੀਂ ਆਦਮੀ ਦੀ ਸਾਜਣਾ ਕਰੀਏ। ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਸਾਜਾਂਗੇ। ਆਦਮੀ ਸਾਡੇ ਵਰਗੇ ਹੋਣਗੇ। ਉਹ ਸਮੁੰਦਰ ਦੇ ਸਾਰੇ ਜੀਵਾਂ ਅਤੇ ਹਵਾ ਦੇ ਸਾਰੇ ਪੰਛੀਆਂ ਉੱਤੇ ਰਾਜ ਕਰਨਗੇ। ਉਹ ਸਾਰੇ ਵੱਡੇ ਜਾਨਵਰਾਂ ਅਤੇ ਧਰਤੀ ਉੱਤੇ ਰੀਂਗਣ ਵਾਲੇ ਸਾਰੇ ਛੋਟੇ ਜੀਵਾਂ ਉੱਤੇ ਰਾਜ ਕਰਨਗੇ।”
27ਇਸ ਲਈ ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਸਾਜਿਆ। ਉਸ ਨੇ ਉਸ ਨੂੰ ਆਪਣੇ ਸਰੂਪ ਉੱਤੇ ਸਾਜਿਆ। ਉਸ ਨੇ ਉਨ੍ਹਾਂ ਨੂੰ ਨਰ ਅਤੇ ਨਾਰੀ ਦੇ ਰੂਪ ਵਿੱਚ ਸਾਜਿਆ। 28ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਆਖਿਆ, “ਬਹੁਤ ਸਾਰੇ ਬੱਚੇ ਪੈਦਾ ਕਰੋ। ਧਰਤੀ ਨੂੰ ਭਰ ਦਿਓ ਅਤੇ ਇਸ ਨੂੰ ਆਪਣੇ ਅਧਿਕਾਰ ਵਿੱਚ ਲੈ ਲਵੋ। ਸਮੁੰਦਰੀ ਜੀਵਾਂ ਅਤੇ ਹਵਾਈ ਪੰਛੀਆਂ ਉੱਤੇ ਰਾਜ ਕਰੋ। ਧਰਤੀ ਉੱਤੇ ਤੁਰਨ ਫ਼ਿਰਨ ਵਾਲੀ ਹਰ ਸ਼ੈਅ ਉੱਤੇ ਰਾਜ ਕਰੋ।”
29ਪਰਮੇਸ਼ੁਰ ਨੇ ਆਖਿਆ, “ਮੈਂ ਤੁਹਾਨੂੰ ਅਨਾਜ ਪੈਦਾ ਕਰਨ ਵਾਲੇ ਸਾਰੇ ਪੌਦੇ ਅਤੇ ਸਾਰੇ ਫ਼ਲਦਾਰ ਰੁੱਖ ਦੇ ਰਿਹਾ ਹਾਂ। ਉਹ ਰੁੱਖ ਬੀਜਾਂ ਵਾਲੇ ਫ਼ਲ ਪੈਦਾ ਕਰਦੇ ਹਨ। ਇਹ ਅਨਾਜ ਅਤੇ ਫ਼ਲ ਤੁਹਾਡਾ ਭੋਜਨ ਹੋਣਗੇ। 30ਅਤੇ ਮੈਂ ਸਾਰੇ ਹਰੇ ਪੌਦੇ ਜਾਨਵਰਾਂ ਨੂੰ ਦੇ ਰਿਹਾ ਹਾਂ। ਉਹ ਹਰੇ ਪੌਦੇ ਉਨ੍ਹਾਂ ਦਾ ਭੋਜਨ ਹੋਣਗੇ। ਧਰਤੀ ਉਤਲਾ ਹਰ ਜਾਨਵਰ, ਹਵਾ ਵਿੱਚਲਾ ਹਰ ਪੰਛੀ, ਅਤੇ ਉਹ ਸਾਰੇ ਛੋਟੇ ਜੀਵ ਜਿਹੜੇ ਧਰਤੀ ਉੱਤੇ ਰੀਂਗਦੇ ਹਨ, ਉਸ ਭੋਜਨ ਨੂੰ ਖਾਣਗੇ।” ਅਤੇ ਇਹ ਸਾਰੀਂਆਂ ਗੱਲਾ ਵਾਪਰ ਗਈਆਂ।
31ਪਰਮੇਸ਼ੁਰ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਵੱਲ ਤੱਕਿਆ ਜੋ ਉਸ ਨੇ ਸਾਜੀਆਂ ਸਨ ਅਤੇ ਉਸ ਨੇ ਵੇਖਿਆ ਕਿ ਸਭ ਕੁਝ ਬਹੁਤ ਚੰਗਾ ਸੀ।
ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਛੇਵਾਂ ਦਿਨ ਸੀ।

Kleurmerk

Deel

Kopieer

None

Wil jy jou kleurmerke oor al jou toestelle gestoor hê? Teken in of teken aan