ਲੂਕਾ 9
9
ਬਾਰਾਂ ਦਾ ਮਿਸ਼ਨ। ਪ੍ਰਭੁ ਦੇ ਰੂਪ ਦਾ ਜਲਾਲੀ ਹੋਣਾ
1ਉਸ ਨੇ ਬਾਰਾਂ ਚੇਲਿਆਂ ਨੂੰ ਇੱਕਠੇ ਬੁਲਾ ਕੇ ਉਨ੍ਹਾਂ ਨੂੰ ਸਾਰਿਆਂ ਭੂਤਾਂ ਉੱਤੇ ਅਤੇ ਰੋਗਾਂ ਦੇ ਦੂਰ ਕਰਨ ਦੀ ਸ਼ਕਤੀ ਤੇ ਇਖ਼ਤਿਆਰ ਦਿੱਤਾ 2ਅਰ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਅਤੇ ਰੋਗੀਆਂ ਨੂੰ ਚੰਗੇ ਕਰਨ ਲਈ ਘੱਲਿਆ 3ਉਸ ਨੇ ਉਨ੍ਹਾਂ ਆਖਿਆ ਕਿ ਤੁਸੀਂ ਰਾਹ ਦੇ ਲਈ ਕੁਝ ਨਾ ਲਾਓ, ਨਾ ਲਾਠੀ, ਨਾ ਝੋਲਾ, ਨਾ ਰੋਟੀ, ਨਾ ਰੁਪਿਆ, ਨਾ ਦੋ ਕੁੜਤੇ ਰੱਖੋ 4ਜਿਸ ਘਰ ਵਿੱਚ ਜਾਓ ਉੱਥੇ ਹੀ ਟਿਕੋ ਅਰ ਉੱਥੋਂ ਹੀ ਤੁਰੋ 5ਅਤੇ ਜਿਹੜੇ ਤੁਹਾਡਾ ਆਦਰ ਭਾਉ ਨਾ ਕਰਨ ਤੁਸੀਂ ਉਸ ਨਗਰੋਂ ਨਿੱਕਲਦਿਆਂ ਉਨ੍ਹਾਂ ਉੱਤੇ ਸਾਖੀ ਲਈ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ 6ਤਾਂ ਓਹ ਬਾਹਰ ਜਾਕੇ ਪਿੰਡੋ ਪਿੰਡ ਹਰ ਥਾਂ ਖੁਸ਼ ਖਬਰੀ ਸੁਣਾਉਂਦੇ ਅਤੇ ਰੋਗਾਂ ਨੂੰ ਦੂਰ ਕਰਦੇ ਫਿਰੇ।।
7ਰਾਜਾ ਹੇਰੋਦੇਸ ਨੇ ਸਭ ਕੁਝ ਜੋ ਹੋ ਰਿਹਾ ਸੀ ਸੁਣਿਆ ਅਰ ਦੁਬਧਾ ਵਿੱਚ ਪੈ ਗਿਆ ਇਸ ਲਈ ਜੋ ਕਈ ਆਖਦੇ ਸਨ ਕਿ ਯੂਹੰਨਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ 8ਪਰ ਕਈ ਬੋਲੇ ਭਈ ਏਲੀਯਾਹ ਪਰਗਟ ਹੋਇਆ ਅਤੇ ਹੋਰ ਆਖਦੇ ਸਨ ਜੋ ਅਗਲਿਆਂ ਵਿੱਚੋਂ ਕੋਈ ਨਬੀ ਜੀ ਉੱਠਿਆ ਹੈ 9ਹੇਰੋਦੇਸ ਨੇ ਕਿਹਾ ਕਿ ਯੂਹੰਨਾ ਦਾ ਸਿਰ ਮੈਂ ਵਢਾ ਸੁੱਟਿਆ ਪਰ ਇਹ ਕੌਣ ਹੈ ਜਿਹ ਦੇ ਹੱਕ ਵਿੱਚ ਮੈਂ ਏਹੋ ਜੇਹੀਆਂ ਗੱਲਾਂ ਸੁਣਦਾ ਹਾਂ? ਅਰ ਉਸ ਨੇ ਉਹ ਦੇ ਵੇਖਣ ਦੀ ਭਾਲ ਕੀਤੀ।।
10ਰਸੂਲਾਂ ਨੇ ਮੁੜ ਆ ਕੇ ਜੋ ਕੁਝ ਕੀਤਾ ਸੀ ਸੋ ਉਹ ਨੂੰ ਦੱਸਿਆ ਅਰ ਉਹ ਉਨ੍ਹਾਂ ਨੂੰ ਨਾਲ ਲੈ ਕੇ ਅਲੱਗ ਬੈਤਸੈਦਾ ਨਾਉਂ ਦੇ ਇੱਕ ਨਗਰ ਵਿੱਚ ਗਿਆ 11ਪਰ ਲੋਕ ਇਹ ਮਲੂਮ ਕਰ ਕੇ ਉਹ ਦੇ ਮਗਰ ਤੁਰ ਪਏ ਅਤੇ ਉਸ ਨੇ ਉਨ੍ਹਾਂ ਨੂੰ ਕਬੂਲ ਕਰਕੇ ਪਰਮੇਸ਼ੁਰ ਦੇ ਰਾਜ ਦੇ ਵਿੱਖੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਜਿਨ੍ਹਾਂ ਨੂੰ ਚੰਗਿਆਂ ਹੋਣ ਦੀ ਲੋੜ ਸੀ ਉਨ੍ਹਾਂ ਨੂੰ ਚੰਗੇ ਕੀਤਾ 12ਜਾਂ ਦਿਨ ਢਲਣ ਲੱਗਾ ਤਾਂ ਉਨ੍ਹਾਂ ਬਾਰਾਂ ਨੇ ਕੋਲ ਆਣ ਕੇ ਉਹ ਨੂੰ ਆਖਿਆ ਕਿ ਭੀੜ ਨੂੰ ਵਿਦਿਆ ਕਰ ਜੋ ਓਹ ਆਲੇ ਦੁਆਲੇ ਦਿਆਂ ਪਿੰਡਾਂ ਅਤੇ ਗਰਾਵਾਂ ਵਿੱਚ ਜਾ ਕੇ ਰਾਤ ਕੱਟਣ ਅਤੇ ਕੁਝ ਲੈ ਕੇ ਖਾਣ ਕਿਉਂ ਜੋ ਅਸੀਂ ਐੱਥੇ ਉਜਾੜ ਥਾਂ ਵਿੱਚ ਹਾਂ 13ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ। ਓਹ ਬੋਲੇ, ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਬਿਨਾ ਹੋਰ ਕੁਝ ਨਹੀਂ ਯਾ ਅਸੀਂ ਜਾ ਕੇ ਇਨ੍ਹਾਂ ਸਭਨਾਂ ਲੋਕਾਂ ਦੇ ਲਈ ਭੋਜਨ ਮੁੱਲ ਲਿਆਈਏ ਕਿਉਂਕਿ ਓਹ ਪੰਜ ਕੁ ਹਜ਼ਾਰ ਮਰਦ ਸਨ 14ਉਹ ਨੇ ਆਪਣੇ ਚੇਲਿਆਂ ਨੂੰ ਆਖਿਆ ਭਈ ਉਨ੍ਹਾਂ ਨੂੰ ਕੋਈ ਪੰਜਾਹਾਂ ਪੰਜਾਹਾਂ ਦੀ ਟੋਲੀ ਕਰ ਕੇ ਬਿਠਾਲ ਦਿਓ 15ਤਾਂ ਉਨ੍ਹਾਂ ਉਸੇ ਤਰਾਂ ਕਰ ਕੇ ਸਭਨਾਂ ਨੂੰ ਬਿਠਾਲਿਆ 16ਉਸ ਨੇ ਉਹਨਾਂ ਪੰਜਾਂ ਰੋਟੀਆਂ ਅਰ ਦੋ ਮੱਛੀਆਂ ਨੂੰ ਲੈ ਲਿਆ ਅਰ ਅਕਾਸ਼ ਵੱਲ ਵੇਖ ਕੇ ਓਹਨਾਂ ਉੱਤੇ ਬਰਕਤ ਮੰਗੀ ਅਤੇ ਤੋੜ ਕੇ ਚੇਲਿਆਂ ਨੂੰ ਦਿੰਦਾ ਗਿਆ ਭਈ ਲੋਕਾਂ ਦੇ ਅੱਗੇ ਰੱਖਣ 17ਤਦ ਓਹ ਸਾਰੇ ਖਾ ਕੇ ਰੱਜ ਗਏ ਅਤੇ ਓਹਨਾਂ ਦਿਆਂ ਬੱਚਿਆਂ ਹੋਇਆਂ ਟੁਕੜਿਆਂ ਦੀਆਂ ਬਾਰਾਂ ਟੋਕਰੀਆਂ ਚੁੱਕੀਆਂ ਗਈਆਂ।।
18ਫੇਰ ਅਜਿਹਾ ਹੋਇਆ ਕਿ ਜਾਂ ਉਹ ਨਿਰਾਲੇ ਵਿੱਚ ਪ੍ਰਾਰਥਨਾ ਕਰਦਾ ਸੀ ਤਾਂ ਚੇਲੇ ਉਹ ਦੇ ਨਾਲ ਸਨ ਅਰ ਉਸ ਨੇ ਇਹ ਕਹਿ ਕੇ ਉਨ੍ਹਾਂ ਨੂੰ ਪੁੱਛਿਆ ਭਈ ਲੋਕ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ? 19ਤਾਂ ਉਨ੍ਹਾਂ ਉੱਤਰ ਦਿੱਤਾ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ, ਪਰ ਹੋਰ ਏਲੀਯਾਹ ਅਤੇ ਹੋਰ ਭਈ ਅਗਲਿਆਂ ਵਿੱਚੋਂ ਕੋਈ ਨਬੀ ਜੀ ਉੱਠਿਆ ਹੈ 20ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਪਰ ਤੁਸੀਂ ਕੀ ਆਖਦੇ ਹੋ ਜੋ ਮੈਂ ਕੌਣ ਹਾਂ? ਪਤਰਸ ਨੇ ਉੱਤਰ ਦਿੱਤਾ ਕਿ ਪਰਮੇਸ਼ੁਰ ਦਾ ਮਸੀਹ! 21ਤਾਂ ਉਸ ਨੇ ਉਨ੍ਹਾਂ ਨੂੰ ਤਗੀਦ ਕਰ ਕੇ ਹੁਕਮ ਦਿੱਤਾ ਜੋ ਇਹ ਕਿਸੇ ਨੂੰ ਨਾ ਦੱਸੋ! 22ਅਤੇ ਆਖਿਆ ਭਈ ਜ਼ਰੂਰ ਹੈ ਜੋ ਮਨੁੱਖ ਦਾ ਪੁੱਤ੍ਰ ਬਹੁਤ ਦੁੱਖ ਝੱਲੇ ਅਤੇ ਬਜ਼ੁਰਗਾਂ ਅਰ ਪਰਧਾਨ ਜਾਜਕਾਂ ਅਰ ਗ੍ਰੰਥੀਆਂ ਥੀਂ ਰੱਦਿਆ ਜਾਏ ਅਤੇ ਮਾਰ ਸੁੱਟਿਆ ਜਾਏ ਅਤੇ ਤੀਜੇ ਦਿਨ ਜੁਆਲਿਆ ਜਾਏ 23ਉਸ ਨੇ ਸਭਨਾਂ ਨੂੰ ਆਖਿਆ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ 24ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਵਾਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਵੇ ਉਹ ਉਸ ਨੂੰ ਬਚਾਵੇਗਾ 25ਆਦਮੀ ਨੂੰ ਕੀ ਲਾਭ ਹੈ ਜੇ ਸਾਰੇ ਜਗਤ ਨੂੰ ਕਮਾਵੇ ਪਰ ਆਪਣਾ ਨਾਸ ਕਰੇ ਯਾ ਆਪ ਨੂੰ ਗੁਆਵੇ? 26ਜੋ ਕੋਈ ਮੈਥੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਏਗਾ ਮਨੁੱਖ ਦਾ ਪੁੱਤ੍ਰ ਵੀ ਉਸ ਤੋਂ ਸ਼ਰਮਾਏਗਾ ਜਿਸ ਵੇਲੇ ਆਪਣੇ ਅਤੇ ਪਿਤਾ ਦੇ ਅਤੇ ਪਵਿੱਤ੍ਰ ਦੂਤਾਂ ਦੇ ਤੇਜ ਨਾਲ ਆਵੇਗਾ 27ਪਰ ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਕਈ ਕੁੰ ਉਨ੍ਹਾਂ ਵਿੱਚੋਂ ਜਿਹੜੇ ਐਥੇ ਖੜੇ ਹਨ ਮੌਤ ਦਾ ਸੁਆਦ ਨਾ ਚੱਖਣਗੇ ਜਦ ਤਾਈਂ ਪਰਮੇਸ਼ੁਰ ਦੇ ਰਾਜ ਨੂੰ ਨਾ ਵੇਖਣ।।
28ਇਨ੍ਹਾਂ ਗੱਲਾਂ ਦੇ ਅੱਠਕੁ ਦਿਨ ਪਿੱਛੋਂ ਐਉਂ ਹੋਇਆ ਜੋ ਉਹ ਪਤਰਸ ਅਰ ਯੂਹੰਨਾ ਅਰ ਯਾਕੂਬ ਨੂੰ ਨਾਲ ਲੈ ਕੇ ਪਹਾੜ ਉੱਤੇ ਪ੍ਰਾਰਥਨਾ ਕਰਨ ਚੜ੍ਹਿਆ 29ਅਰ ਉਹ ਦੇ ਪ੍ਰਾਰਥਨਾ ਕਰਦਿਆਂ ਉਹ ਦੇ ਮੂੰਹ ਦਾ ਰੂਪ ਹੋਰ ਹੀ ਹੋ ਗਿਆ ਅਤੇ ਉਹ ਦੀ ਪੁਸ਼ਾਕ ਚਿੱਟੀ ਅਤੇ ਚਮਕੀਲੀ ਹੋ ਗਈ 30ਅਰ ਵੇਖੋ, ਦੋ ਮਨੁੱਖ ਅਰਥਾਤ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਸਨ 31ਓਹ ਤੇਜ ਵਿੱਚ ਵਿਖਾਲੀ ਦੇ ਕੇ ਉਹ ਦੇ ਕੂਚ ਦੀਆਂ ਗੱਲਾਂ ਕਰਦੇ ਸਨ ਜੋ ਉਹ ਨੇ ਯਰੂਸ਼ਲਮ ਵਿੱਚ ਸੰਪੂਰਨ ਕਰਨਾ ਸੀ 32ਪਤਰਸ ਅਤੇ ਉਹ ਦੇ ਸਾਥੀ ਨੀਂਦਰ ਨਾਲ ਸੁਸਤ ਹੋਏ ਹੋਏ ਸਨ ਪਰ ਉਨ੍ਹਾਂ ਦੇ ਜਾਗਦਿਆਂ ਉਹ ਦੇ ਤੇਜ ਅਤੇ ਉਨ੍ਹਾਂ ਦੋਹਾਂ ਜਣਿਆਂ ਨੂੰ ਜਿਹੜੇ ਉਹ ਦੇ ਨਾਲ ਖੜੇ ਸਨ ਡਿੱਠਾ 33ਅਰ ਐਉਂ ਹੋਇਆ ਕਿ ਜਾਂ ਓਹ ਉਸ ਤੋਂ ਜੁਦੇ ਹੋਣ ਲੱਗੇ ਤਾਂ ਪਤਰਸ ਨੇ ਯਿਸੂ ਨੂੰ ਆਖਿਆ, ਸੁਆਮੀ ਜੀ ਸਾਡਾ ਐਥੇਂ ਹੋਣਾ ਚੰਗਾ ਹੈ ਸੋ ਅਸੀਂ ਤਿੰਨ ਡੇਰੇ ਬਣਾਈਏਂ, ਇੱਕ ਤੇਰੇ ਲਈ ਅਤੇ ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ, ਪਰ ਉਹ ਨਹੀਂ ਸੀ ਜਾਣਦਾ ਭਈ ਕੀ ਕਹਿੰਦਾ ਹੈ 34ਉਹ ਇਹ ਅਜੇ ਬੋਲਦਾ ਹੀ ਸੀ ਕਿ ਬੱਦਲ ਨੇ ਆਣ ਕੇ ਉਨ੍ਹਾਂ ਉੱਤੇ ਛਾਉਂ ਕੀਤੀ ਅਰ ਓਹ ਬੱਦਲ ਵਿੱਚ ਵੜਦੇ ਹੀ ਡਰ ਗਏ 35ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੀ ਆਈ ਜੋ ਇਹ ਮੇਰਾ ਪੁੱਤ੍ਰ ਹੈ, ਮੇਰਾ ਚੁਣਿਆ ਹੋਇਆ ਇਹ ਦੀ ਸੁਣੋ 36ਅਤੇ ਇਹ ਅਵਾਜ਼ ਹੁੰਦੇ ਹੀ ਯਿਸੂ ਇਕੱਲਾ ਪਾਇਆ ਗਿਆ ਅਤੇ ਓਹ ਚੁੱਪ ਰਹੇ ਅਰ ਜਿਹੜੀਆਂ ਗੱਲਾਂ ਵੇਖੀਆਂ ਸਨ ਉਨ੍ਹਾਂ ਵਿੱਚੋਂ ਉਨ੍ਹੀ ਦਿਨੀਂ ਕਿਸੇ ਨੂੰ ਕੁਝ ਨਾ ਦੱਸਿਆ।।
37ਅਗਲੇ ਦਿਨ ਐਉਂ ਹੋਇਆ ਕਿ ਜਾਂ ਓਹ ਪਹਾੜੋਂ ਉੱਤਰੇ ਤਾਂ ਵੱਡੀ ਭੀੜ ਉਸ ਨੂੰ ਆ ਮਿਲੀ 38ਅਰ ਵੇਖੋ ਭੀੜ ਵਿੱਚੋਂ ਇੱਕ ਮਨੁੱਖ ਨੇ ਉੱਚੀ ਦੇ ਕੇ ਕਿਹਾ, ਗੁਰੂ ਜੀ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੇਰੇ ਪੁੱਤ੍ਰ ਉੱਤੇ ਕਿਰਪਾ ਦ੍ਰਿਸ਼ਟ ਕਰ ਕਿਉਂਕਿ ਉਹ ਮੇਰਾ ਇਕਲੌਤਾ ਹੈ 39ਅਤੇ ਵੇਖੋ ਕਿ ਇੱਕ ਰੂਹ ਉਹ ਨੂੰ ਫੜ ਲੈਂਦੀ ਹੈ ਅਤੇ ਉਹ ਅਚਾਣਚਕ ਚੀਕਣ ਲੱਗ ਜਾਂਦਾ ਹੈ ਅਰ ਉਹ ਉਸ ਨੂੰ ਅਜਿਹਾ ਘੁੱਟਦੀ ਹੈ ਜੋ ਉਹ ਨੂੰ ਝੱਗ ਆ ਜਾਂਦੀ ਹੈ ਅਤੇ ਉਹ ਨੂੰ ਭੰਨ ਮਰੋੜ ਕੇ ਮਸਾਂ ਜਿਹੇ ਉਹ ਨੂੰ ਛੱਡਦੀ ਹੈ 40ਮੈਂ ਤੇਰੇ ਚੇਲਿਆਂ ਦੇ ਅੱਗੇ ਬੇਨਤੀ ਕੀਤੀ ਜੋ ਉਸ ਨੂੰ ਕੱਢ ਦੇਣ ਪਰ ਓਹ ਨਾ ਕੱਢ ਸਕੇ 41ਤਦ ਯਿਸੂ ਨੇ ਉੱਤਰ ਦਿੱਤਾ, ਹੇ ਬੇਪਰਤੀਤ ਅਤੇ ਅੜਬ ਪਿਹੜੀ ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ ਅਰ ਤੁਹਾਡੀ ਸਹਾਂਗਾ? ਆਪਣੇ ਪੁੱਤ੍ਰ ਨੂੰ ਐਥੇ ਲਿਆ 42ਉਹ ਅਜੇ ਆਉਂਦਾ ਹੀ ਸੀ ਕਿ ਭੂਤ ਨੇ ਉਹ ਨੂੰ ਪਟਕ ਦਿੱਤਾ ਅਤੇ ਵੱਡਾ ਮਰੋੜਿਆ ਪਰ ਯਿਸੂ ਨੇ ਉਸ ਭ੍ਰਿਸ਼ਟ ਆਤਮਾ ਨੂੰ ਝਿੜਕਿਆ ਅਤੇ ਬਾਲਕ ਨੂੰ ਚੰਗਾ ਕੀਤਾ ਅਰ ਉਹ ਨੂੰ ਉਹ ਦੇ ਪਿਉ ਨੂੰ ਸੌਂਪ ਦਿੱਤਾ 43ਅਰ ਸਭ ਪਰਮੇਸ਼ੁਰ ਦੀ ਮਹਾਨਤਾ ਤੋਂ ਹੈਰਾਨ ਹੋਏ।।
ਜਾਂ ਸਭ ਉਨ੍ਹਾਂ ਸਾਰਿਆਂ ਕੰਮਾਂ ਤੋਂ ਜੋ ਉਸ ਨੇ ਕੀਤੇ ਅਚਰਜ ਮੰਨਦੇ ਸਨ ਤਾਂ ਓਨ ਆਪਣੇ ਚੇਲਿਆਂ ਨੂੰ ਕਿਹਾ, 44ਇਨ੍ਹਾਂ ਗੱਲਾਂ ਨੂੰ ਆਪਣੇ ਕੰਨਾਂ ਨਾਲ ਸੁਣ ਛੱਡੋਂ ਕਿਉਂ ਜੋ ਮਨੁੱਖ ਦਾ ਪੁੱਤ੍ਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣ ਨੂੰ ਹੈ 45ਪਰ ਉਨ੍ਹਾਂ ਇਹ ਗੱਲ ਨਾ ਸਮਝੀ ਅਤੇ ਇਹ ਉਨ੍ਹਾਂ ਤੋਂ ਛਿਪੀ ਰਹੀ ਜੋ ਇਹ ਨੂੰ ਨਾ ਬੁੱਝਣ ਪਰ ਏਸ ਗੱਲ ਦੇ ਵਿੱਖੇ ਉਸ ਨੂੰ ਪੁੱਛਣ ਤੋਂ ਡਰਦੇ ਸਨ ।।
46ਉਨ੍ਹਾਂ ਵਿੱਚ ਇਹ ਬਹਿਸ ਹੋਣ ਲੱਗੀ ਜੋ ਸਾਡੇ ਵਿੱਚੋਂ ਵੱਡਾ ਕਿਹੜਾ? 47ਪਰਯਿਸੂ ਨੇ ਉਨ੍ਹਾਂ ਦੇ ਮਨ ਦੀ ਸੋਚ ਵੇਖ ਕੇ ਇੱਕ ਛੋਟੇ ਬਾਲਕ ਨੂੰ ਲਿਆ ਅਤੇ ਉਹ ਨੂੰ ਆਪਣੇ ਕੋਲ ਖੜਾ ਕੀਤਾ 48ਅਤੇ ਉਨ੍ਹਾਂ ਨੂੰ ਆਖਿਆ ਭਈ ਜੋ ਕੋਈ ਮੇਰੇ ਨਾਮ ਕਰਕੇ ਇਸ ਬਾਲਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ ਅਤੇ ਜੋ ਕੋਈ ਮੈਨੂੰ ਕਬੂਲ ਕਰੇ ਸੋ ਉਸ ਨੂੰ ਜਿਹ ਨੇ ਮੈਨੂੰ ਘੱਲਿਆ ਹੈ ਕਬੂਲ ਕਰਦਾ ਹੈ ਕਿਉਕਿ ਜੋ ਕੋਈ ਤੁਸਾਂ ਸਭਨਾਂ ਵਿੱਚੋਂ ਹੋਰਨਾਂ ਨਾਲੋਂ ਛੋਟਾ ਸੋਈ ਵੱਡਾ ਹੈ।।
49ਯੂਹੰਨਾ ਨੇ ਅੱਗੋ ਆਖਿਆ, ਸੁਆਮੀ ਜੀ ਅਸਾਂ ਇੱਕ ਮਨੁੱਖ ਤੇਰੇ ਨਾਮ ਨਾਲ ਭੂਤਾਂ ਨੂੰ ਕੱਢਦੇ ਵੇਖਿਆ ਅਤੇ ਉਹ ਨੂੰ ਵਰਜਿਆ ਇਸ ਲਈ ਜੋ ਉਹ ਸਾਡੇ ਨਾਲ ਤੇਰੇ ਮਗਰ ਨਹੀਂ ਚੱਲਦਾ 50ਪਰ ਯਿਸੂ ਨੇ ਉਹ ਨੂੰ ਆਖਿਆ, ਨਾ ਵਰਜੋ ਕਿਉਂਕਿ ਜਿਹੜਾ ਤੁਹਾਡੇ ਵਿੱਰੁਧ ਨਹੀਂ ਉਹ ਤੁਹਾਡੀ ਵੱਲ ਹੈ।।
51ਐਉਂ ਹੋਇਆ ਕਿ ਜਾਂ ਉਹ ਦੇ ਉਠਾਏ ਜਾਣ ਦੇ ਦਿਨ ਸੰਪੂਰਨ ਹੋਣ ਲੱਗੇ ਤਾਂ ਉਹ ਨੇ ਯਰੂਸ਼ਲਮ ਨੂੰ ਜਾਣ ਲਈ ਆਪਣਾ ਮੁਹਾਣਾ ਪੱਕੀ ਤੌਰ ਨਾਲ ਮੋੜਿਆ 52ਅਰ ਆਪਣੇ ਅੱਗੇ ਹਲਕਾਰੇ ਭੇਜੇ ਅਤੇ ਓਹ ਤੁਰ ਕੇ ਸਾਮਰਿਯਾ ਦੇ ਇੱਕ ਪਿੰਡ ਵਿੱਚ ਜਾ ਵੜੇ ਭਈ ਉਹ ਦੇ ਲਈ ਤਿਆਰੀ ਕਰਨ 53ਪਰ ਉਨ੍ਹਾਂ ਨੇ ਉਸ ਨੂੰ ਕਬੂਲ ਨਾ ਕੀਤਾ ਇਸ ਲਈ ਜੋ ਉਹ ਯਰੂਸ਼ਲਮ ਦੀ ਵੱਲ ਜਾਣ ਨੂੰ ਸੀ 54ਅਤੇ ਉਹ ਦੇ ਚੇਲੇ ਯਾਕੂਬ ਅਰ ਯੂਹੰਨਾ ਨੇ ਇਹ ਵੇਖ ਕੇ ਕਿਹਾ, ਪ੍ਰਭੁ ਜੀ ਕੀ ਤੇਰੀ ਮਰਜ਼ੀ ਹੈ ਜੋ ਅਸੀਂ ਹੁਕਮ ਕਰੀਏ ਭਈ ਅਕਾਸ਼ੋਂ ਅੱਗ ਵਰਸੇ ਅਤੇ ਇਨ੍ਹਾਂ ਦਾ ਨਾਸ ਕਰੇ? 55ਪਰ ਉਹ ਨੇ ਮੁੜ ਕੇ ਉਨ੍ਹਾਂ ਨੂੰ ਝਿੜਕਿਆ 56ਅਤੇ ਓਹ ਕਿਸੇ ਹੋਰ ਪਿੰਡ ਨੂੰ ਚੱਲੇ ਗਏ।।
57ਜਾਂ ਓਹ ਰਸਤੇ ਵਿੱਚ ਚੱਲੇ ਜਾਂਦੇ ਸਨ ਤਾਂ ਉਸ ਨੂੰ ਕਿਨੇ ਆਖਿਆ, ਜਿੱਥੇ ਕਿਤੇ ਤੁਸੀਂ ਜਾਓ ਮੈਂ ਤੁਹਾਡੇ ਮਗਰ ਚੱਲਾਂਗਾ 58ਯਿਸੂ ਨੇ ਉਹ ਨੂੰ ਕਿਹਾ, ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ 59ਉਸ ਨੇ ਹੋਰ ਦੂਜੇ ਨੂੰ ਆਖਿਆ ਕਿ ਮੇਰੇ ਪਿੱਛੇ ਤੁਰੇਆ ਪਰ ਉਹ ਨੇ ਕਿਹਾ, ਪ੍ਰਭੁ ਜੀ ਮੈਨੂੰ ਆਗਿਆ ਦਿਓ ਜੋ ਪਹਿਲਾਂ ਜਾ ਕੇ ਆਪਣੇ ਪਿਉ ਨੂੰ ਦੱਬਾਂ 60ਉਸ ਨੇ ਉਹ ਨੂੰ ਆਖਿਆ, ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦਿਹ ਪਰ ਤੂੰ ਜਾ ਕੇ ਪਰਮੇਸ਼ੁਰ ਦੇ ਰਾਜ ਦੀ ਖਬਰ ਸੁਣਾ 61ਅਤੇ ਇੱਕ ਹੋਰ ਬੋਲਿਆ, ਪ੍ਰਭੁ ਜੀ, ਮੈਂ ਤੁਹਾਡੇ ਲੜ ਲੱਗਾਂਗਾ ਪਰ ਪਹਿਲਾਂ ਮੈਨੂੰ ਆਗਿਆ ਦਿਓ ਜੋ ਆਪਣੇ ਘਰ ਦਿਆਂ ਲੋਕਾਂ ਤੋਂ ਵਿਦਿਆ ਹੋ ਆਵਾਂ 62ਪਰ ਯਿਸੂ ਨੇ ਉਹ ਨੂੰ ਆਖਿਆ, ਜੇ ਕੋਈ ਆਪਣਾ ਹੱਥ ਹਲ ਤੇ ਰੱਖ ਕੇ ਪਿਛਾਹਾਂ ਨੂੰ ਵੇਖੇ ਤਾਂ ਉਹ ਪਰਮੇਸ਼ੁਰ ਦੇ ਰਾਜ ਦੇ ਜੋਗ ਨਹੀਂ ।।
Àwon tá yàn lọ́wọ́lọ́wọ́ báyìí:
ਲੂਕਾ 9: PUNOVBSI
Ìsàmì-sí
Pín
Daako
Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.