ਮੱਤੀ 15
15
ਪੁਰਖਿਆਂ ਦੀ ਰੀਤ
(ਮਰਕੁਸ 7:1-13)
1ਕੁਝ ਫ਼ਰੀਸੀ ਅਤੇ ਵਿਵਸਥਾ ਦੇ ਸਿੱਖਿਅਕ ਯਰੂਸ਼ਲਮ ਤੋਂ ਯਿਸੂ ਦੇ ਕੋਲ ਆਏ । ਉਹਨਾਂ ਨੇ ਪੁੱਛਿਆ, 2“ਤੁਹਾਡੇ ਚੇਲੇ ਪੁਰਖਿਆਂ ਦੀ ਰੀਤ ਦੀ ਉਲੰਘਣਾ ਕਿਉਂ ਕਰਦੇ ਹਨ ? ਉਹ ਭੋਜਨ ਕਰਨ ਤੋਂ ਪਹਿਲਾਂ ਰੀਤ ਅਨੁਸਾਰ ਹੱਥ ਨਹੀਂ ਧੋਂਦੇ ।” 3ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਸੀਂ ਆਪ ਕਿਉਂ ਆਪਣੀ ਰੀਤ ਨੂੰ ਪੂਰਾ ਕਰਨ ਦੇ ਲਈ ਪਰਮੇਸ਼ਰ ਦੇ ਵਚਨ ਦੀ ਉਲੰਘਣਾ ਕਰਦੇ ਹੋ ? 4#ਕੂਚ 20:12, 21:17, ਵਿਵ 5:16, ਲੇਵੀ 20:9ਕਿਉਂਕਿ ਪਰਮੇਸ਼ਰ ਨੇ ਕਿਹਾ ਹੈ, ‘ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰੋ’ ਅਤੇ ‘ਜਿਹੜਾ ਆਪਣੇ ਪਿਤਾ ਜਾਂ ਮਾਤਾ ਨੂੰ ਬੁਰਾ ਕਹੇ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ।’ 5ਪਰ ਤੁਸੀਂ ਕਹਿੰਦੇ ਹੋ ਕਿ ਜੇਕਰ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਕਹੇ, ‘ਜੋ ਕੁਝ ਮੈਂ ਤੁਹਾਡੀ ਸੇਵਾ ਵਿੱਚ ਲਾ ਸਕਦਾ ਸੀ ਉਹ ਪਰਮੇਸ਼ਰ ਦੇ ਨਾਮ ਲੱਗ ਚੁੱਕਾ ਹੈ’ 6ਤਾਂ ਉਸ ਨੂੰ ਆਪਣੇ ਪਿਤਾ ਜਾਂ ਮਾਤਾ ਦਾ ਸਤਿਕਾਰ ਕਰਨ ਦੀ ਕੋਈ ਲੋੜ ਨਹੀਂ ਹੈ । ਇਸ ਤਰ੍ਹਾਂ ਤੁਸੀਂ ਆਪਣੀ ਰੀਤ ਨੂੰ ਪੂਰਾ ਕਰਨ ਦੇ ਲਈ ਪਰਮੇਸ਼ਰ ਦੇ ਵਚਨ ਨੂੰ ਰੱਦ ਕਰਦੇ ਹੋ । 7ਤੁਸੀਂ ਪਖੰਡੀ ਹੋ ! ਤੁਹਾਡੇ ਬਾਰੇ ਯਸਾਯਾਹ ਨਬੀ ਨੇ ਠੀਕ ਕਿਹਾ ਸੀ,
8 #
ਯਸਾ 29:13
‘ਇਹ ਲੋਕ ਮੂੰਹ ਨਾਲ ਮੇਰਾ ਸਤਿਕਾਰ ਕਰਦੇ ਹਨ,
ਪਰ ਇਹਨਾਂ ਦੇ ਦਿਲ ਮੇਰੇ ਤੋਂ ਬਹੁਤ ਦੂਰ ਹਨ ।
9ਇਹ ਵਿਅਰਥ ਹੀ ਮੇਰੀ ਅਰਾਧਨਾ ਕਰਦੇ ਹਨ ।
ਕਿਉਂਕਿ ਇਹ ਮਨੁੱਖਾਂ ਦੀਆਂ ਸਿੱਖਿਆਵਾਂ ਪਰਮੇਸ਼ਰ ਦੇ ਸਿਧਾਂਤ ਕਰ ਕੇ ਸਿਖਾਉਂਦੇ ਹਨ ।’”
ਉਹ ਚੀਜ਼ਾਂ ਜਿਹੜੀਆਂ ਮਨੁੱਖ ਨੂੰ ਅਪਵਿੱਤਰ ਕਰਦੀਆਂ ਹਨ
(ਮਰਕੁਸ 7:14-23)
10ਯਿਸੂ ਨੇ ਭੀੜ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ, “ਤੁਸੀਂ ਸਾਰੇ ਮੇਰੀ ਗੱਲ ਸੁਣੋ ਅਤੇ ਇਸ ਨੂੰ ਸਮਝੋ, 11ਜੋ ਮਨੁੱਖ ਦੇ ਮੂੰਹ ਦੇ ਰਾਹੀਂ ਅੰਦਰ ਜਾਂਦਾ ਹੈ, ਉਹ ਉਸ ਨੂੰ ਅਪਵਿੱਤਰ ਨਹੀਂ ਕਰਦਾ ਹੈ ਸਗੋਂ ਜੋ ਕੁਝ ਉਸ ਦੇ ਮੂੰਹ ਦੇ ਰਾਹੀਂ ਬਾਹਰ ਨਿਕਲਦਾ ਹੈ, ਉਹ ਉਸ ਨੂੰ ਅਪਵਿੱਤਰ ਕਰਦਾ ਹੈ ।”
12ਫਿਰ ਚੇਲਿਆਂ ਨੇ ਉਹਨਾਂ ਦੇ ਕੋਲ ਆ ਕੇ ਕਿਹਾ, “ਕੀ ਤੁਸੀਂ ਜਾਣਦੇ ਹੋ ਕਿ ਜੋ ਕੁਝ ਤੁਸੀਂ ਕਿਹਾ ਹੈ, ਉਸ ਨੂੰ ਸੁਣ ਕੇ ਫ਼ਰੀਸੀਆਂ ਨੇ ਬੁਰਾ ਮਨਾਇਆ ਹੈ ?” 13ਯਿਸੂ ਨੇ ਉੱਤਰ ਦਿੱਤਾ, “ਹਰੇਕ ਪੌਦਾ ਮੇਰੇ ਪਿਤਾ ਨੇ ਜਿਹੜੇ ਸਵਰਗ ਵਿੱਚ ਹਨ ਨਹੀਂ ਲਾਇਆ, ਉਹ ਪੁੱਟਿਆ ਜਾਵੇਗਾ । 14#ਲੂਕਾ 6:39ਤੁਸੀਂ ਉਹਨਾਂ ਨੂੰ ਰਹਿਣ ਦਿਓ, ਉਹ ਅੰਨ੍ਹਿਆਂ ਦੇ#15:14 ਇਹ ਸ਼ਬਦ ਕੁਝ ਪ੍ਰਾਚੀਨ ਲਿਖਤਾਂ ਵਿੱਚ ਨਹੀਂ ਹਨ । ਅੰਨ੍ਹੇ ਆਗੂ ਹਨ ਕਿਉਂਕਿ ਜੇਕਰ ਅੰਨ੍ਹਾ ਅੰਨ੍ਹੇ ਨੂੰ ਰਾਹ ਦਿਖਾਵੇਗਾ ਤਾਂ ਦੋਵੇਂ ਟੋਏ ਵਿੱਚ ਡਿੱਗ ਪੈਣਗੇ ।” 15ਪਤਰਸ ਨੇ ਉਹਨਾਂ ਨੂੰ ਕਿਹਾ, “ਸਾਨੂੰ ਇਸ ਦ੍ਰਿਸ਼ਟਾਂਤ ਦਾ ਅਰਥ ਸਮਝਾਓ ।” 16ਯਿਸੂ ਨੇ ਕਿਹਾ, “ਕੀ ਤੁਸੀਂ ਵੀ ਦੂਜਿਆਂ ਦੀ ਤਰ੍ਹਾਂ ਬੇਸਮਝ ਹੋ ? 17ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਮੂੰਹ ਦੇ ਵਿੱਚ ਜਾਂਦਾ ਹੈ, ਉਹ ਪੇਟ ਦੇ ਵਿੱਚ ਜਾਂਦਾ ਹੈ ਅਤੇ ਮੈਲ਼ਾ ਬਣ ਕੇ ਬਾਹਰ ਨਿੱਕਲ ਜਾਂਦਾ ਹੈ ? 18#ਮੱਤੀ 12:34ਪਰ ਜੋ ਕੁਝ ਮੂੰਹ ਦੇ ਵਿੱਚੋਂ ਬਾਹਰ ਆਉਂਦਾ ਹੈ, ਉਹ ਅਸਲ ਵਿੱਚ ਉਸ ਦੇ ਦਿਲ ਦੇ ਵਿੱਚੋਂ ਆਉਂਦਾ ਹੈ, ਇਹ ਹੀ ਉਸ ਨੂੰ ਅਪਵਿੱਤਰ ਕਰਦਾ ਹੈ । 19ਦਿਲ ਵਿੱਚੋਂ ਬੁਰੇ ਵਿਚਾਰ ਨਿਕਲਦੇ ਹਨ ਜਿਵੇਂ ਹੱਤਿਆ, ਵਿਭਚਾਰ, ਹਰਾਮਕਾਰੀ, ਚੋਰੀ, ਝੂਠੀ ਗਵਾਹੀ, ਨਿੰਦਾ ਆਦਿ । 20ਇਹ ਚੀਜ਼ਾਂ ਹਨ ਜੋ ਮਨੁੱਖ ਨੂੰ ਅਪਿੱਵਤਰ ਕਰਦੀਆਂ ਹਨ, ਨਾ ਕਿ ਬਿਨਾਂ ਹੱਥ ਧੋਏ ਭੋਜਨ ਕਰਨਾ ।”
ਇੱਕ ਕਨਾਨੀ ਔਰਤ ਦਾ ਵਿਸ਼ਵਾਸ
(ਮਰਕੁਸ 7:24-30)
21ਇਸ ਦੇ ਬਾਅਦ ਯਿਸੂ ਉਸ ਥਾਂ ਨੂੰ ਛੱਡ ਕੇ ਸੂਰ ਅਤੇ ਸੈਦਾ ਸ਼ਹਿਰਾਂ ਦੀਆਂ ਹੱਦਾਂ ਵੱਲ ਆਏ । 22ਉਸ ਇਲਾਕੇ ਦੀ ਇੱਕ ਕਨਾਨੀ ਔਰਤ ਆਈ ਅਤੇ ਉਸ ਨੇ ਪੁਕਾਰ ਕੇ ਕਿਹਾ, “ਹੇ ਦਾਊਦ ਦੇ ਪੁੱਤਰ, ਪ੍ਰਭੂ ਜੀ, ਮੇਰੇ ਉੱਤੇ ਰਹਿਮ ਕਰੋ ! ਮੇਰੀ ਬੇਟੀ ਦੁਸ਼ਟ ਆਤਮਾ ਨਾਲ ਬੁਰੀ ਤਰ੍ਹਾਂ ਜਕੜੀ ਹੋਈ ਹੈ ।” 23ਪਰ ਯਿਸੂ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ । ਇਸ ਲਈ ਉਹਨਾਂ ਦੇ ਚੇਲੇ ਆਏ ਅਤੇ ਕਹਿਣ ਲੱਗੇ, “ਉਸ ਨੂੰ ਭੇਜ ਦੇਵੋ ਕਿਉਂਕਿ ਉਹ ਸਾਡੇ ਪਿੱਛੇ ਰੌਲਾ ਪਾ ਰਹੀ ਹੈ ।” 24ਯਿਸੂ ਨੇ ਚੇਲਿਆਂ ਨੂੰ ਉੱਤਰ ਦਿੱਤਾ, “ਮੈਂ ਕੇਵਲ ਇਸਰਾਏਲ ਕੌਮ ਦੀਆਂ ਗੁਆਚੀਆਂ ਭੇਡਾਂ ਕੋਲ ਹੀ ਭੇਜਿਆ ਗਿਆ ਹਾਂ ।” 25ਪਰ ਉਹ ਔਰਤ ਯਿਸੂ ਨੂੰ ਮੱਥਾ ਟੇਕ ਕੇ ਬੇਨਤੀ ਕਰਨ ਲੱਗੀ, “ਪ੍ਰਭੂ ਜੀ, ਮੇਰੀ ਮਦਦ ਕਰੋ !” 26ਯਿਸੂ ਨੇ ਉਸ ਨੂੰ ਕਿਹਾ, “ਇਹ ਚੰਗਾ ਨਹੀਂ ਹੈ ਕਿ ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਦਿੱਤੀ ਜਾਵੇ ।” 27ਉਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਇਹ ਸੱਚ ਹੈ ਪਰ ਕਤੂਰਿਆਂ ਨੂੰ ਵੀ ਤਾਂ ਉਹਨਾਂ ਦੇ ਮਾਲਕਾਂ ਦੀ ਮੇਜ਼ ਤੋਂ ਬਚੇ ਹੋਏ ਚੂਰੇ ਭੂਰੇ ਮਿਲ ਹੀ ਜਾਂਦੇ ਹਨ ।” 28ਤਦ ਯਿਸੂ ਨੇ ਉਸ ਨੂੰ ਕਿਹਾ, “ਹੇ ਬੀਬੀ, ਤੇਰਾ ਵਿਸ਼ਵਾਸ ਮਹਾਨ ਹੈ । ਇਸ ਲਈ ਜੋ ਤੂੰ ਚਾਹੁੰਦੀ ਹੈਂ, ਤੇਰੇ ਲਈ ਉਸੇ ਤਰ੍ਹਾਂ ਹੀ ਹੋਵੇ ।” ਅਤੇ ਉਸ ਦੀ ਬੇਟੀ ਉਸੇ ਸਮੇਂ ਠੀਕ ਹੋ ਗਈ ।
ਪ੍ਰਭੂ ਯਿਸੂ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰਦੇ ਹਨ
29ਫਿਰ ਯਿਸੂ ਉੱਥੋਂ ਗਲੀਲ ਦੀ ਝੀਲ ਦੇ ਕੰਢੇ ਵੱਲ ਚਲੇ ਗਏ । ਉਹ ਇੱਕ ਪਹਾੜ ਉੱਤੇ ਚੜ੍ਹ ਗਏ ਅਤੇ ਉੱਥੇ ਬੈਠ ਗਏ । 30ਉੱਥੇ ਉਹਨਾਂ ਕੋਲ ਇੱਕ ਬਹੁਤ ਵੱਡੀ ਭੀੜ ਲੰਗੜਿਆਂ, ਅੰਨ੍ਹਿਆਂ, ਅਪਾਹਜਾਂ, ਗੂੰਗਿਆਂ ਅਤੇ ਕਈ ਤਰ੍ਹਾਂ ਦੇ ਬਿਮਾਰਾਂ ਨੂੰ ਆਪਣੇ ਨਾਲ ਲੈ ਕੇ ਆਈ । ਭੀੜ ਨੇ ਬਿਮਾਰਾਂ ਨੂੰ ਯਿਸੂ ਦੇ ਚਰਨਾਂ ਵਿੱਚ ਰੱਖ ਦਿੱਤਾ ਅਤੇ ਉਹਨਾਂ ਨੇ ਸਾਰਿਆਂ ਨੂੰ ਚੰਗਾ ਕਰ ਦਿੱਤਾ । 31ਜਦੋਂ ਲੋਕਾਂ ਨੇ ਦੇਖਿਆ ਕਿ ਗੂੰਗੇ ਬੋਲਦੇ, ਅਪਾਹਜ ਚੰਗੇ ਹੁੰਦੇ, ਲੰਗੜੇ ਤੁਰਦੇ ਅਤੇ ਅੰਨ੍ਹੇ ਦੇਖਦੇ ਹਨ ਤਾਂ ਉਹ ਹੈਰਾਨ ਰਹਿ ਗਏ ਅਤੇ ਉਹ ਇਸਰਾਏਲ ਦੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ ।
ਪ੍ਰਭੂ ਯਿਸੂ ਦਾ ਚਾਰ ਹਜ਼ਾਰ ਨੂੰ ਰਜਾਉਣਾ
(ਮਰਕੁਸ 8:1-10)
32ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਸੱਦਿਆ ਅਤੇ ਕਿਹਾ, “ਮੈਨੂੰ ਇਹਨਾਂ ਲੋਕਾਂ ਉੱਤੇ ਤਰਸ ਆ ਰਿਹਾ ਹੈ । ਤਿੰਨ ਦਿਨਾਂ ਤੋਂ ਇਹ ਲੋਕ ਮੇਰੇ ਨਾਲ ਹਨ ਅਤੇ ਹੁਣ ਇਹਨਾਂ ਕੋਲ ਖਾਣ ਨੂੰ ਕੁਝ ਨਹੀਂ ਰਿਹਾ । ਮੈਂ ਇਹਨਾਂ ਨੂੰ ਖ਼ਾਲੀ ਪੇਟ ਘਰਾਂ ਨੂੰ ਨਹੀਂ ਭੇਜਣਾ ਚਾਹੁੰਦਾ । ਇਸ ਤਰ੍ਹਾਂ ਹੋ ਸਕਦਾ ਹੈ ਕਿ ਉਹ ਰਾਹ ਵਿੱਚ ਹੀ ਨਿਢਾਲ ਹੋ ਜਾਣ ।” 33ਚੇਲਿਆਂ ਨੇ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਇਸ ਉਜਾੜ ਥਾਂ ਵਿੱਚ ਇਸ ਭੀੜ ਨੂੰ ਰਜਾਉਣ ਲਈ ਕਿੱਥੋਂ ਭੋਜਨ ਲੱਭੀਏ ?” 34ਯਿਸੂ ਨੇ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ ?” ਉਹਨਾਂ ਨੇ ਉੱਤਰ ਦਿੱਤਾ, “ਸੱਤ ਰੋਟੀਆਂ ਅਤੇ ਕੁਝ ਛੋਟੀਆਂ ਮੱਛੀਆਂ ਹਨ ।” 35ਫਿਰ ਯਿਸੂ ਨੇ ਭੀੜ ਨੂੰ ਹੁਕਮ ਦਿੱਤਾ ਕਿ ਉਹ ਜ਼ਮੀਨ ਉੱਤੇ ਬੈਠ ਜਾਣ । 36ਇਸ ਦੇ ਬਾਅਦ ਯਿਸੂ ਨੇ ਸੱਤ ਰੋਟੀਆਂ ਅਤੇ ਮੱਛੀਆਂ ਨੂੰ ਲਿਆ । ਉਹਨਾਂ ਨੇ ਇਹਨਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਤੋੜ ਕੇ ਚੇਲਿਆਂ ਨੂੰ ਦੇਣ ਲੱਗੇ ਅਤੇ ਚੇਲੇ ਲੋਕਾਂ ਨੂੰ । 37ਸਾਰੇ ਲੋਕਾਂ ਨੇ ਰੱਜ ਕੇ ਭੋਜਨ ਕੀਤਾ, ਤਦ ਚੇਲਿਆਂ ਨੇ ਬਚੇ ਹੋਏ ਟੁਕੜਿਆਂ ਨਾਲ ਭਰੀਆਂ ਸੱਤ ਟੋਕਰੀਆਂ ਚੁੱਕੀਆਂ । 38ਖਾਣ ਵਾਲੇ ਆਦਮੀਆਂ ਦੀ ਗਿਣਤੀ ਔਰਤਾਂ ਅਤੇ ਬੱਚਿਆਂ ਨੂੰ ਛੱਡ ਕੇ ਚਾਰ ਹਜ਼ਾਰ ਸੀ ।
39ਫਿਰ ਯਿਸੂ ਨੇ ਭੀੜ ਨੂੰ ਵਿਦਾ ਕੀਤਾ । ਬਾਅਦ ਵਿੱਚ ਉਹ ਆਪ ਕਿਸ਼ਤੀ ਉੱਤੇ ਚੜ੍ਹ ਕੇ ਮਗਦਾਨ ਦੇ ਇਲਾਕੇ ਨੂੰ ਚਲੇ ਗਏ ।
Àwon tá yàn lọ́wọ́lọ́wọ́ báyìí:
ਮੱਤੀ 15: CL-NA
Ìsàmì-sí
Pín
Daako
Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀
Punjabi Common Language (North American Version):
Text © 2021 Canadian Bible Society and Bible Society of India