ਮੱਤੀ 18

18
ਵੱਡਾ ਕੌਣ ਹੈ ?
(ਮਰਕੁਸ 9:33-37, ਲੂਕਾ 9:46-48)
1 # ਲੂਕਾ 22:24 ਉਸ ਸਮੇਂ ਚੇਲੇ ਯਿਸੂ ਦੇ ਕੋਲ ਆ ਕੇ ਪੁੱਛਣ ਲੱਗੇ, “ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਕੌਣ ਹੈ ?” 2ਯਿਸੂ ਨੇ ਇੱਕ ਬੱਚੇ ਨੂੰ ਸੱਦ ਕੇ ਉਹਨਾਂ ਦੇ ਵਿਚਕਾਰ ਖੜ੍ਹਾ ਕਰ ਦਿੱਤਾ । 3#ਮਰ 10:15, ਲੂਕਾ 18:17ਫਿਰ ਉਹਨਾਂ ਨੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਨਾ ਬਦਲੋ ਅਤੇ ਬੱਚਿਆਂ ਦੀ ਤਰ੍ਹਾਂ ਨਾ ਬਣੋ, ਤੁਸੀਂ ਸਵਰਗ ਦੇ ਰਾਜ ਵਿੱਚ ਦਾਖ਼ਲ ਨਹੀਂ ਹੋ ਸਕੋਗੇ । 4ਇਸ ਲਈ ਜਿਹੜਾ ਮਨੁੱਖ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਅਤੇ ਇਸ ਬੱਚੇ ਦੀ ਤਰ੍ਹਾਂ ਬਣਦਾ ਹੈ, ਪਰਮੇਸ਼ਰ ਦੇ ਰਾਜ ਵਿੱਚ ਸਭ ਤੋਂ ਵੱਡਾ ਹੈ । 5ਇਸੇ ਤਰ੍ਹਾਂ ਜਿਹੜਾ ਮਨੁੱਖ ਅਜਿਹੇ ਕਿਸੇ ਇੱਕ ਬੱਚੇ ਦਾ ਮੇਰੇ ਨਾਮ ਵਿੱਚ ਸੁਆਗਤ ਕਰਦਾ ਹੈ, ਉਹ ਅਸਲ ਵਿੱਚ ਮੇਰਾ ਸੁਆਗਤ ਕਰਦਾ ਹੈ ।”
ਪਾਪ ਲਈ ਪਰਤਾਵਾ
(ਮਰਕੁਸ 9:42-48, ਲੂਕਾ 17:1-2)
6ਪਰ ਜਿਹੜਾ ਇਹਨਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ, ਕਿਸੇ ਇੱਕ ਨੂੰ ਗ਼ਲਤ ਰਾਹ ਉੱਤੇ ਪਾਉਂਦਾ ਹੈ, ਉਸ ਲਈ ਇਹ ਚੰਗਾ ਹੈ ਕਿ ਉਸ ਦੇ ਗਲ਼ ਵਿੱਚ ਇੱਕ ਚੱਕੀ ਦਾ ਪੁੜ੍ਹ ਬੰਨ੍ਹ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ । 7ਸੰਸਾਰ ਉੱਤੇ ਹਾਏ ਕਿਉਂਕਿ ਇਸ ਵਿੱਚ ਲੋਕਾਂ ਨੂੰ ਗ਼ਲਤ ਰਾਹ ਪਾਉਣ ਵਾਲੀਆਂ ਚੀਜ਼ਾਂ ਹਨ ! ਇਹਨਾਂ ਦਾ ਹੋਣਾ ਜ਼ਰੂਰੀ ਹੈ ਪਰ ਹਾਏ ਉਸ ਮਨੁੱਖ ਉੱਤੇ ਜਿਹੜਾ ਇਹਨਾਂ ਦਾ ਕਾਰਨ ਬਣਦਾ ਹੈ !
8 # ਮੱਤੀ 5:30 “ਇਸ ਲਈ ਜੇਕਰ ਤੇਰਾ ਹੱਥ ਜਾਂ ਪੈਰ ਤੈਨੂੰ ਗ਼ਲਤ ਰਾਹ ਉੱਤੇ ਪਾਵੇ ਤਾਂ ਉਸ ਨੂੰ ਵੱਢ ਕੇ ਸੁੱਟ ਦੇ ਕਿਉਂਕਿ ਤੇਰੇ ਲਈ ਇਹ ਚੰਗਾ ਹੋਵੇਗਾ ਕਿ ਤੂੰ ਅਪਾਹਜ ਹੋ ਕੇ ਜੀਵਨ ਵਿੱਚ ਜਾਵੇਂ, ਬਜਾਏ ਇਸ ਦੇ ਕਿ ਤੂੰ ਦੋ ਹੱਥ ਜਾਂ ਪੈਰ ਹੁੰਦੇ ਹੋਏ ਹਮੇਸ਼ਾ ਬਲਣ ਵਾਲੀ ਅੱਗ ਵਿੱਚ ਸੁੱਟਿਆ ਜਾਵੇਂ । 9#ਮੱਤੀ 5:29ਇਸੇ ਤਰ੍ਹਾਂ ਜੇਕਰ ਤੇਰੀ ਅੱਖ ਤੈਨੂੰ ਗ਼ਲਤ ਰਾਹ ਉੱਤੇ ਪਾਵੇ ਤਾਂ ਉਸ ਨੂੰ ਕੱਢ ਕੇ ਸੁੱਟ ਦੇ ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੂੰ ਕਾਣਾ ਹੋ ਕੇ ਜੀਵਨ ਵਿੱਚ ਜਾਵੇਂ, ਬਜਾਏ ਇਸ ਦੇ ਕਿ ਦੋ ਅੱਖਾਂ ਹੁੰਦੇ ਹੋਏ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਂ ।”
ਗੁਆਚੀ ਭੇਡ ਦਾ ਦ੍ਰਿਸ਼ਟਾਂਤ
(ਲੂਕਾ 15:3-7)
10 # ਲੂਕਾ 19:10 “ਤੁਸੀਂ ਇਹਨਾਂ ਛੋਟਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਸਮਝਣਾ ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹਨਾਂ ਦੇ ਸਵਰਗਦੂਤ ਸਵਰਗ ਵਿੱਚ ਮੇਰੇ ਪਿਤਾ ਦੇ ਦਰਸ਼ਨ ਹਮੇਸ਼ਾ ਕਰਦੇ ਰਹਿੰਦੇ ਹਨ । [11ਕਿਉਂਕਿ ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਬਚਾਉਣ ਆਇਆ ਹੈ ।]#18:11 ਇਹ ਆਇਤ ਕੁਝ ਪ੍ਰਾਚੀਨ ਲਿਖਤਾਂ ਵਿੱਚ ਨਹੀਂ ਹੈ ।
12“ਤੁਹਾਡਾ ਕੀ ਵਿਚਾਰ ਹੈ ? ਜੇਕਰ ਕਿਸੇ ਆਦਮੀ ਕੋਲ ਸੌ ਭੇਡਾਂ ਹੋਣ ਅਤੇ ਉਹਨਾਂ ਵਿੱਚੋਂ ਇੱਕ ਗੁਆਚ ਜਾਂਦੀ ਹੈ ਫਿਰ ਉਹ ਆਦਮੀ ਕੀ ਕਰੇਗਾ ? ਕੀ ਉਹ ਬਾਕੀ ਨੜ੍ਹਿਨਵਿਆਂ ਨੂੰ ਪਹਾੜ ਉੱਤੇ ਚਰਦੀਆਂ ਛੱਡ ਕੇ, ਉਸ ਗੁਆਚੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ ? 13ਜਦੋਂ ਉਹ ਉਸ ਨੂੰ ਲੱਭ ਪਵੇਗੀ ਤਾਂ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਸ ਨੂੰ ਇਸ ਇੱਕ ਦੇ ਲਈ ਬਾਕੀ ਨੜ੍ਹਿਨਵਿਆਂ ਦੀ ਬਜਾਏ, ਜਿਹੜੀਆਂ ਗੁਆਚੀਆਂ ਨਹੀਂ ਸਨ, ਜ਼ਿਆਦਾ ਖ਼ੁਸ਼ੀ ਹੋਵੇਗੀ । 14ਇਸੇ ਤਰ੍ਹਾਂ ਤੁਹਾਡੇ ਪਿਤਾ ਜਿਹੜੇ ਸਵਰਗ ਵਿੱਚ ਹਨ, ਇਹ ਨਹੀਂ ਚਾਹੁੰਦੇ ਕਿ ਇਹਨਾਂ ਛੋਟਿਆਂ ਵਿੱਚੋਂ ਕੋਈ ਇੱਕ ਵੀ ਗੁਆਚੇ ।”
ਜਦੋਂ ਕੋਈ ਪਾਪ ਕਰਦਾ ਹੈ
15 # ਲੂਕਾ 17:3 “ਜੇਕਰ ਤੇਰਾ ਭਰਾ ਜਾਂ ਭੈਣ ਤੇਰੇ ਵਿਰੁੱਧ ਪਾਪ ਕਰੇ ਤਾਂ ਤੂੰ ਉਹਨਾਂ ਕੋਲ ਇਕਾਂਤ ਵਿੱਚ ਜਾ ਅਤੇ ਉਹਨਾਂ ਨੂੰ ਉਹਨਾਂ ਦੀ ਗ਼ਲਤੀ ਸਮਝਾ । ਜੇਕਰ ਉਹ ਤੇਰੀ ਮੰਨ ਲੈਣ ਤਾਂ ਤੂੰ ਉਹਨਾਂ ਨੂੰ ਜਿੱਤ ਲਿਆ ਹੈ । 16#ਵਿਵ 19:15ਪਰ ਜੇਕਰ ਉਹ ਤੇਰੀ ਨਾ ਮੰਨਣ ਤਾਂ ਆਪਣੇ ਨਾਲ ਇੱਕ ਜਾਂ ਦੋ ਜਣਿਆਂ ਨੂੰ ਲੈ ਕੇ ਜਾ, ਤਾਂ ਜੋ ਪਵਿੱਤਰ-ਗ੍ਰੰਥ ਅਨੁਸਾਰ ਹਰ ਦੋਸ਼ ਦੋ ਜਾਂ ਤਿੰਨ ਗਵਾਹਾਂ ਦੇ ਸਾਹਮਣੇ ਸੱਚਾ ਸਿੱਧ ਹੋਵੇ । 17ਜੇਕਰ ਉਹ ਉਹਨਾਂ ਦੀ ਵੀ ਨਾ ਮੰਨਣ ਤਾਂ ਤੂੰ ਸਾਰਾ ਮਾਮਲਾ ਕਲੀਸੀਯਾ ਦੇ ਅੱਗੇ ਰੱਖ । ਪਰ ਜੇਕਰ ਉਹ ਕਲੀਸੀਯਾ ਦੀ ਵੀ ਨਾ ਮੰਨਣ ਤਾਂ ਫਿਰ ਤੂੰ ਉਹਨਾਂ ਨੂੰ ਪਰਾਈ ਕੌਮ ਜਾਂ ਟੈਕਸ ਲੈਣ ਵਾਲੇ ਸਮਝ ।”
ਇੱਕ ਮਨ ਹੋ ਕੇ ਪ੍ਰਾਰਥਨਾ ਕਰਨਾ
18 # ਮੱਤੀ 16:19, ਯੂਹ 20:23 “ਇਸ ਲਈ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੁਝ ਤੁਸੀਂ ਧਰਤੀ ਉੱਤੇ ਬੰਨ੍ਹੋਗੇ, ਉਹ ਸਵਰਗ ਵਿੱਚ ਵੀ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲ੍ਹੋਗੇ, ਉਹ ਸਵਰਗ ਵਿੱਚ ਵੀ ਖੋਲ੍ਹਿਆ ਜਾਵੇਗਾ ।
19“ਫਿਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇਕਰ ਤੁਸੀਂ ਦੋ ਜਣੇ ਮਿਲ ਕੇ ਅਤੇ ਇੱਕ ਮਨ ਹੋ ਕੇ ਕਿਸੇ ਗੱਲ ਲਈ ਪ੍ਰਾਰਥਨਾ ਕਰੋਗੇ ਤਾਂ ਮੇਰੇ ਪਿਤਾ ਜਿਹੜੇ ਸਵਰਗ ਵਿੱਚ ਹਨ, ਉਸੇ ਤਰ੍ਹਾਂ ਕਰ ਦੇਣਗੇ । 20ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੁੰਦੇ ਹਨ, ਉੱਥੇ ਮੈਂ ਵੀ ਉਹਨਾਂ ਦੇ ਨਾਲ ਹੁੰਦਾ ਹਾਂ ।”
ਨਿਰਦਈ ਸੇਵਕ ਦਾ ਦ੍ਰਿਸ਼ਟਾਂਤ
21 # ਲੂਕਾ 17:3-4 ਪਤਰਸ ਯਿਸੂ ਕੋਲ ਆਇਆ ਅਤੇ ਉਹਨਾਂ ਨੂੰ ਪੁੱਛਿਆ, “ਪ੍ਰਭੂ ਜੀ, ਮੇਰਾ ਭਰਾ ਮੇਰੇ ਵਿਰੁੱਧ ਕਿੰਨੀ ਵਾਰ ਪਾਪ ਕਰ ਸਕਦਾ ਹੈ ਅਤੇ ਮੈਨੂੰ ਕਿੰਨੀ ਵਾਰ ਉਸ ਨੂੰ ਮਾਫ਼ ਕਰਨਾ ਚਾਹੀਦਾ ਹੈ ? ਕੀ ਸੱਤ ਵਾਰ ?” 22#ਉਤ 4:24ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਨਹੀਂ, ਸੱਤ ਵਾਰ ਨਹੀਂ ਸਗੋਂ ਸੱਤ ਦੇ ਸੱਤਰ ਵਾਰ । 23ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਇੱਕ ਵਾਰ ਆਪਣੇ ਸੇਵਕਾਂ ਤੋਂ ਹਿਸਾਬ ਲੈਣ ਦਾ ਫ਼ੈਸਲਾ ਕੀਤਾ । 24ਜਦੋਂ ਉਸ ਨੇ ਦੇਖਣਾ ਸ਼ੁਰੂ ਹੀ ਕੀਤਾ ਤਾਂ ਇੱਕ ਸੇਵਕ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਵੱਲ ਉਸ ਦੇ ਲੱਖਾਂ ਰੁਪਏ#18:24 ਮੂਲ ਭਾਸ਼ਾ ਵਿੱਚ ਦਸ ਹਜ਼ਾਰ ‘ਟੈਂਲੰਟ’ ਹਨ । ਨਿਕਲਦੇ ਸਨ । 25ਉਸ ਸੇਵਕ ਦੇ ਕੋਲ ਇਹ ਘਾਟਾ ਪੂਰਾ ਕਰਨ ਦੇ ਲਈ ਕੁਝ ਨਹੀਂ ਸੀ । ਇਸ ਲਈ ਰਾਜੇ ਨੇ ਹੁਕਮ ਦਿੱਤਾ ਕਿ ਇਸ ਸੇਵਕ ਨੂੰ, ਇਸ ਦੀ ਪਤਨੀ, ਬੱਚੇ ਅਤੇ ਜੋ ਕੁਝ ਇਸ ਕੋਲ ਹੈ ਵੇਚ ਕੇ, ਇਹ ਘਾਟਾ ਪੂਰਾ ਕੀਤਾ ਜਾਵੇ । 26ਪਰ ਉਹ ਸੇਵਕ ਰਾਜਾ ਦੇ ਪੈਰੀਂ ਪੈ ਕੇ ਬੇਨਤੀ ਕਰਨ ਲੱਗਾ, ‘ਮੇਰੇ ਉੱਤੇ ਰਹਿਮ ਕਰੋ, ਮੈਂ ਤੁਹਾਡਾ ਸਭ ਕੁਝ ਦੇ ਦੇਵਾਂਗਾ ।’ 27ਉਸ ਸੇਵਕ ਦੇ ਮਾਲਕ ਨੂੰ ਉਸ ਉੱਤੇ ਬਹੁਤ ਤਰਸ ਆਇਆ । ਇਸ ਲਈ ਮਾਲਕ ਨੇ ਉਸ ਨੂੰ ਛੱਡ ਦਿੱਤਾ ਅਤੇ ਉਸ ਦਾ ਕਰਜ਼ਾ ਮਾਫ਼ ਕਰ ਦਿੱਤਾ ।
28“ਪਰ ਉਹ ਸੇਵਕ ਉੱਥੋਂ ਬਾਹਰ ਗਿਆ ਅਤੇ ਆਪਣੇ ਇੱਕ ਸਾਥੀ ਸੇਵਕ ਨੂੰ ਮਿਲਿਆ ਜਿਸ ਤੋਂ ਉਸ ਨੇ ਪੰਜਾਹ ਰੁਪਏ ਲੈਣੇ ਸਨ । ਉਸ ਨੇ ਇਸ ਦੂਜੇ ਸੇਵਕ ਨੂੰ ਗਲ਼ ਤੋਂ ਫੜਿਆ ਅਤੇ ਕਿਹਾ, ‘ਮੇਰਾ ਜੋ ਕੁਝ ਨਿਕਲਦਾ ਹੈ, ਹੁਣੇ ਇੱਥੇ ਰੱਖ ।’ 29ਉਸ ਦਾ ਸਾਥੀ ਸੇਵਕ ਉਸ ਦੇ ਪੈਰੀਂ ਪੈ ਕੇ ਬੇਨਤੀ ਕਰਨ ਲੱਗਾ, ‘ਮੇਰੇ ਉੱਤੇ ਰਹਿਮ ਕਰੋ, ਮੈਂ ਤੁਹਾਡਾ ਸਭ ਕੁਝ ਦੇ ਦੇਵਾਂਗਾ ।’” 30ਪਰ ਉਹ ਨਾ ਮੰਨਿਆ ਅਤੇ ਉਸ ਦੂਜੇ ਸੇਵਕ ਨੂੰ ਉਸ ਸਮੇਂ ਤੱਕ ਕੈਦ ਕਰਵਾ ਦਿੱਤਾ ਜਦੋਂ ਤੱਕ ਕਿ ਉਹ ਕਰਜ਼ਾ ਨਾ ਦੇ ਦੇਵੇ । 31ਜਦੋਂ ਬਾਕੀ ਦੇ ਸੇਵਕਾਂ ਨੇ ਇਹ ਸਾਰਾ ਕੁਝ ਹੁੰਦਾ ਦੇਖਿਆ ਤਾਂ ਉਹ ਬਹੁਤ ਦੁਖੀ ਹੋਏ । ਉਹਨਾਂ ਨੇ ਸਾਰੀ ਗੱਲ ਮਾਲਕ ਨੂੰ ਦੱਸੀ । 32ਤਦ ਮਾਲਕ ਨੇ ਉਸ ਪਹਿਲੇ ਸੇਵਕ ਨੂੰ ਫਿਰ ਅੰਦਰ ਸੱਦਿਆ ਅਤੇ ਉਸ ਨੂੰ ਕਿਹਾ, “ਹੇ ਦੁਸ਼ਟ ਸੇਵਕ, ਮੈਂ ਤੇਰੀ ਬੇਨਤੀ ਉੱਤੇ ਤੇਰਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਸੀ । 33ਕੀ ਇਸੇ ਤਰ੍ਹਾਂ ਤੈਨੂੰ ਵੀ ਆਪਣੇ ਸਾਥੀ ਸੇਵਕ ਉੱਤੇ ਦਇਆ ਨਹੀਂ ਕਰਨੀ ਚਾਹੀਦੀ ਸੀ ? 34ਇਸ ਲਈ ਮਾਲਕ ਬਹੁਤ ਗੁੱਸੇ ਵਿੱਚ ਆਇਆ ਅਤੇ ਉਸ ਸੇਵਕ ਨੂੰ ਕੈਦ ਵਿੱਚ ਸੁੱਟ ਦਿੱਤਾ, ਜਦੋਂ ਤੱਕ ਕਿ ਉਹ ਸਾਰਾ ਕਰਜ਼ਾ ਨਾ ਭਰੇ ।” 35ਅੰਤ ਵਿੱਚ ਯਿਸੂ ਨੇ ਕਿਹਾ, “ਮੇਰੇ ਪਿਤਾ ਜਿਹੜੇ ਸਵਰਗ ਵਿੱਚ ਹਨ, ਤੁਹਾਡੇ ਵਿੱਚੋਂ ਹਰ ਇੱਕ ਨਾਲ ਇਸੇ ਤਰ੍ਹਾਂ ਕਰਨਗੇ ਜੇਕਰ ਤੁਸੀਂ ਵੀ ਆਪਣੇ ਭਰਾ ਨੂੰ ਦਿਲੋਂ ਮਾਫ਼ ਨਹੀਂ ਕਰੋਗੇ ।”

Àwon tá yàn lọ́wọ́lọ́wọ́ báyìí:

ਮੱਤੀ 18: CL-NA

Ìsàmì-sí

Pín

Daako

None

Ṣé o fẹ́ fi àwọn ohun pàtàkì pamọ́ sórí gbogbo àwọn ẹ̀rọ rẹ? Wọlé pẹ̀lú àkántì tuntun tàbí wọlé pẹ̀lú àkántì tí tẹ́lẹ̀